ਚੰਡੀਗੜ੍ਹ, 15 ਦਸੰਬਰ | ਆਸਟਰੇਲੀਆ ਦੇ ਯੂਥ ਸਿਲੈਕਸ਼ਨ ਪੈਨਲ (ਵਾਈਐਸਪੀ) ਨੇ ਅਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿਚ 2 ਨੌਜਵਾਨ ਪੰਜਾਬੀ ਸਿੱਖ ਖਿਡਾਰੀਆਂ ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣ ਪਿਛਲੇ ਹਫ਼ਤੇ ਐਲਬਰੀ ਵਿਚ ਹੋਈ 2023 ਅੰਡਰ-19 ਪੁਰਸ਼ਾਂ ਦੀ ਕੌਮੀ ਚੈਂਪੀਅਨਸ਼ਿਪ ਦੌਰਾਨ ਕੀਤੀ ਗਈ ਸੀ।

ਅੰਡਰ-19 ਵਿਸ਼ਵ ਕੱਪ ਪਹਿਲਾਂ ਸ਼੍ਰੀਲੰਕਾ ‘ਚ ਹੋਣ ਵਾਲਾ ਸੀ ਪਰ ਕੁਝ ਸਮਾਂ ਪਹਿਲਾਂ ਇਸ ਦਾ ਸਥਾਨ ਦੱਖਣੀ ਅਫਰੀਕਾ ‘ਚ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਇਹ 19 ਜਨਵਰੀ ਤੋਂ ਦੱਖਣੀ ਅਫਰੀਕਾ ਵਿਚ ਪੰਜ ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਫਾਈਨਲ 11 ਫਰਵਰੀ ਨੂੰ ਬੇਨੋਨੀ ਵਿਚ ਹੋਵੇਗਾ।

ਭਾਰਤੀ ਮੂਲ ਦੇ ਖਿਡਾਰੀਆਂ ਦਾ ਆਸਟਰੇਲੀਆਈ ਟੀਮ ਵਿਚ ਸ਼ਾਮਲ ਹੋਣਾ ਕੋਈ ਆਮ ਗੱਲ ਨਹੀਂ ਹੈ। ਅੰਡਰ-19 ਵਿਸ਼ਵ ਕੱਪ ਦੇ 2018 ਐਡੀਸ਼ਨ ਦੌਰਾਨ ਜੇਸਨ ਸੰਘਾ ਨੇ ਆਸਟ੍ਰੇਲੀਆ ਦੀ ਅਗਵਾਈ ਕੀਤੀ। ਇਸ ਦੇ ਨਾਲ ਹੀ ਅਰਜੁਨ ਨਾਇਰ ਅਤੇ ਤਨਵੀਰ ਸੰਘਾ ਵੀ ਆਸਟ੍ਰੇਲੀਆ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹੁਣ ਪੰਜਾਬ ਦੇ 2 ਹੋਰ ਖਿਡਾਰੀ ਆਸਟ੍ਰੇਲੀਆ ਦੀ ਟੀਮ ‘ਚ ਜਗ੍ਹਾ ਬਣਾ ਚੁੱਕੇ ਹਨ।

ਹਰਕੀਰਤ ਸਿੰਘ ਬਾਜਵਾ 2012 ਵਿਚ ਆਪਣੇ ਪਰਿਵਾਰ ਸਮੇਤ ਪੰਜਾਬ ਤੋਂ ਮੈਲਬੌਰਨ ਸ਼ਿਫਟ ਹੋ ਗਏ ਸਨ। ਅੰਡਰ-12 ਜ਼ਿਲਾ ਟੀਮ ਤੋਂ ਬਾਹਰ ਰਹਿਣ ਤੋਂ ਲੈ ਕੇ ਅੰਡਰ-19 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣ ਤੱਕ ਬਾਜਵਾ ਦਾ ਕ੍ਰਿਕਟ ਸਫਰ ਚੁਣੌਤੀਪੂਰਨ ਅਤੇ ਪ੍ਰੇਰਨਾਦਾਇਕ ਹੈ। ਹਰਕੀਰਤ ਨੂੰ ਆਸਟ੍ਰੇਲੀਆ ਵਿਚ ਲੁਕਿਆ ਹੋਇਆ ਸਪਿਨਰ ਮੰਨਿਆ ਜਾਂਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ ਸਪਿਨ ਗੇਂਦਬਾਜ਼ ਹੈ।

ਹਰਜਸ ਸਿੰਘ ਅੱਠ ਸਾਲ ਦੀ ਉਮਰ ਵਿਚ ਸਥਾਨਕ ਭਾਈਚਾਰੇ ਵਿਚ ਰੇਵਸਬੀ ਵਰਕਰਜ਼ ਕ੍ਰਿਕਟ ਕਲੱਬ ਵਿਚ ਸ਼ਾਮਲ ਹੋ ਗਿਆ ਅਤੇ ਇਥੋਂ ਹੀ ਉਸਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹੋਈ। ਉਹ ਵਰਤਮਾਨ ਵਿਚ ਸਿਡਨੀ ਵਿਚ ਰਹਿੰਦਾ ਹੈ ਅਤੇ ਉਸਦੇ ਪਿਤਾ ਟਰੈਵਲ ਏਜੰਸੀ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ। ਹੁਣ ਹਰਜਸ ਜਨਵਰੀ 2024 ‘ਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ‘ਚ ਮੈਦਾਨ ‘ਤੇ ਆਪਣਾ ਹੁਨਰ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)