ਅੰਮਿ੍ਤਸਰ| 31 ਮਈ ਤੋਂ ਲੈ ਕੇ 3 ਜੂਨ ਤੱਕ ਮਨੀਲਾ ਦੇ ਸ਼ਹਿਰ ਫਿਲੀਪਾਈਨਸ ਵਿਖੇ ਆਯੋਜਿਤ ਹੋਣ ਵਾਲੀ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿੱਪ ਵਿਚ ਪੰਜਾਬ ਦੀਆਂ ਚਾਰ ਰਿਧਮਿਕ ਜਿਮਨਾਸਟਿਕ ਖਿਡਾਰਨਾਂ ਦੀ ਚੋਣ ਹੋਈ ਹੈ। ਇਹ ਖਿਡਾਰਨਾਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਦੇ ਗੁਰੂ ਨਗਰੀ ਵਿਖੇ ਚੱਲ ਰਹੇ ਸੈਂਟਰ ਨਾਲ ਸਬੰਧਤ ਹਨ।

ਚੁਣੀਆਂ ਗਈਆਂ ਖਿਡਾਰਨਾਂ ਦੇ ਨਾਮ ਪ੍ਰਰੀਤੀ, ਦਮਨਜੀਤ, ਗਿਤਾਂਸ਼ੀ ਅਤੇ ਮਾਨਸਵਾਨੀ ਹਨ। ਇਸ ਗੱਲ ਦੀ ਜਾਣਕਾਰੀ ਰਿਧਮਿਕ ਜਿਮਨਾਸਟਿਕ ਕੌਮਾਂਤਰੀ ਕੋਚ ਨੀਤੂ ਬਾਲਾ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ਦੀ ਰਿਧਮਿਕ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿਪ 2023 ਵਿਚ 4 ਖਿਡਾਰਨਾਂ ਦੀ ਚੋਣ ਹੋਣਾ ਜਿੱਥੇ ਬਹੁਤ ਵੱਡੀ ਪ੍ਰਰਾਪਤੀ ਹੈ, ਉੱਥੇ ਇਹ ਖੁਸ਼ੀ ਤੇ ਮਾਣ ਵਾਲੀ ਗੱਲ ਹੈ।

4 ਖਿਡਾਰਨਾਂ ਦੀ ਚੋਣ ਨਾਲ ਜਿਮਨਾਸਟਿਕ ਖੇਡ ਖੇਤਰ ਹਲਕਿਆਂ ਤੇ ਇੰਸਟੀਚਿਊਟ ਪ੍ਰਬੰਧਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਵੱਲੋਂ ਸ਼ਮੂਲੀਅਤ ਕਰਨ ਵਾਲੀਆਂ ਇਹ 4 ਖਿਡਾਰਨਾਂ ਵਿਸ਼ਵ ਖੇਡ ਖਾਕੇ ‘ਤੇ ਜਿੱਤ ਦੇ ਝੰਡੇ ਬੁਲੰਦ ਕਰਕੇ ਭਾਰਤ ਦੀ ਝੋਲੀ ਵਿਚ ਮੈਡਲ ਪਵਾਉਣਗੀਆਂ।