ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫਿਲਮ ‘ਸਤਲੁਜ’ ’ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਆਜ਼ਾਦ ਗਰੁੱਪ ਵੱਲੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ, ਸ਼ਹੀਦੀ ਪਰਿਵਾਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਹ ਰੋਸ ਮਾਰਚ ਗੋਲਡਨ ਗੇਟ ਇਲਾਕੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ ਅਤੇ ਤਖ਼ਤੀਆਂ ਫੜ ਕੇ ਫਿਲਮ ਨੂੰ ਰਿਲੀਜ਼ ਕਰਨ ਅਤੇ ਪਾਬੰਦੀ ਤੁਰੰਤ ਹਟਾਉਣ ਦੀ ਮੰਗ ਕੀਤੀ।

ਆਗੂਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ’ਤੇ ਅਹਿਮ ਕੰਮ ਕੀਤਾ ਸੀ ਅਤੇ ਉਨ੍ਹਾਂ ਦੇ ਜੀਵਨ ਸੰਘਰਸ਼ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਤਿਹਾਸਕ ਵਿਸ਼ਿਆਂ ’ਤੇ ਬਣੀਆਂ ਫਿਲਮਾਂ ਨੂੰ ਦੇਖਣ ਜਾਂ ਨਾ ਦੇਖਣ ਦਾ ਫੈਸਲਾ ਲੋਕਾਂ ’ਤੇ ਛੱਡਿਆ ਜਾਣਾ ਚਾਹੀਦਾ ਹੈ।

ਆਜ਼ਾਦ ਗਰੁੱਪ ਪੰਜਾਬ ਦੇ ਮੈਂਬਰ ਦਵਿੰਦਰ ਸਿੰਘ ਹਰਿਆਵਾਲਾ ਨੇ ਕਿਹਾ ਕਿ ਫਿਲਮ ‘ਸਤਲੁਜ’ ਨੌਜਵਾਨਾਂ ਨੂੰ ਇਤਿਹਾਸ ਨਾਲ ਜੋੜਨ ਦਾ ਇੱਕ ਸਾਧਨ ਬਣ ਸਕਦੀ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਫਿਲਮ ’ਤੇ ਲੱਗੀ ਰੋਕ ਹਟਾ ਕੇ ਇਸ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਕਰਨ ਦੀ ਆਗਿਆ ਦਿੱਤੀ ਜਾਵੇ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਸ਼ਾਂਤਮਈ ਹੈ, ਪਰ ਜੇਕਰ ਪਾਬੰਦੀ ਨਾ ਹਟਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।