ਕੈਨੇਡਾ | ਇਥੋਂ ਪੰਜਾਬੀ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਦੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਗਏ ਵਿਦਿਆਰਥੀਆਂ ਦੇ ਜਾਅਲੀ ਦਸਤਾਵੇਜ਼ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਡਿਪੋਰਟ ਕੀਤਾ ਜਾ ਰਿਹਾ ਹੈ। ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਏਅਰਪੋਰਟ ਰੋਡ ਮਿਸੀਸਾਗਾ ਵਿਖੇ ਪੱਕਾ ਮੋਰਚਾ ਲਾਇਆ ਹੈ। ਉਥੇ ਹੀ ਵਿਦਿਆਰਥੀਆਂ ਨੇ ਖੁੱਲ੍ਹੇ ਆਸਮਾਨ ਹੇਠ ਆਪਣਾ ਧਰਨਾ ਸ਼ੁਰੂ ਕਰ ਦਿੱਤਾ ਹੈ।
ਓਂਟਾਰੀਓ ਸਥਿਤ ਹੰਬਰ ਕਾਲਜ ਦੇ ਜਾਅਲੀ ਦਸਤਾਵੇਜ਼ ਦੇ ਕੇ ਵਿਦਿਆਰਥੀਆਂ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਜਲੰਧਰ ਦਾ ਮਾਲਕ ਬ੍ਰਿਜੇਸ਼ ਮਿਸ਼ਰਾ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਥੋਂ ਵਿਦੇਸ਼ ਭੱਜ ਗਿਆ ਹੈ। ਉਸ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਜਿਨ੍ਹਾਂ ਵਿਦਿਆਰਥੀਆਂ ਦੇ ਸਿਰ ‘ਤੇ ਹੁਣ ਦੇਸ਼ ਨਿਕਾਲੋ ਦੀ ਤਲਵਾਰ ਲਟਕ ਰਹੀ ਹੈ, ਉਨ੍ਹਾਂ ਨੂੰ ਬ੍ਰਿਜੇਸ਼ ਮਿਸ਼ਰਾ ਨੇ 2017 ਤੋਂ 2019 ਤੱਕ ਪ੍ਰਤੀ ਵਿਦਿਆਰਥੀ 16 ਤੋਂ 18 ਲੱਖ ਰੁਪਏ ਲੈ ਕੇ ਫਰਜ਼ੀ ਦਸਤਾਵੇਜ਼ਾਂ ‘ਤੇ ਕੈਨੇਡਾ ਭੇਜਿਆ ਸੀ ਪਰ ਜਦੋਂ ਹੋਰ ਵਿਦਿਆਰਥੀ ਕਾਲਜ ਗਏ ਤਾਂ ਉਨ੍ਹਾਂ ਦੀ ਫੀਸ ਕਾਲਜ ਤੱਕ ਨਹੀਂ ਪਹੁੰਚੀ ਸੀ। ਜਦੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਹ ਸਾਰੇ ਫਰਜ਼ੀ ਨਿਕਲੇ।
ਦੱਸ ਦਈਏ ਕਿ ਉਹ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨਾਲ ਧੋਖਾ ਹੋਇਆ ਹੈ, ਉਨ੍ਹਾਂ ਨੂੰ ਕੈਨੇਡਾ ਦੇ ਵਿਦਿਅਕ ਅਦਾਰਿਆਂ ਵਿਚ ਐਡਜਸਟ ਕੀਤਾ ਜਾਵੇ। ਦੱਸ ਦਈਏ ਕਿ ਇਸ ਸਮੇਂ ਲਗਭਗ 200 ਵਿਦਿਆਰਥੀਆਂ ਦੀ ਜਾਂਚ ਚੱਲ ਰਹੀ ਹੈ।