ਜਲੰਧਰ, 11 ਅਕਤੂਬਰ | ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਗੰਨ ਮਾਲਕਾਂ ਨੂੰ ਹਥਿਆਰ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਹੁਕਮਾਂ ਦੇ ਬਾਵਜੂਦ ਕਈ ਬੰਦੂਕ ਮਾਲਕਾਂ ਨੇ ਆਪਣੇ ਹਥਿਆਰ ਜਮ੍ਹਾ ਨਹੀਂ ਕਰਵਾਏ।
ਥਾਣਾ ਮਕਸੂਦਾਂ ਦੇ ਐਸ.ਐਚ.ਓ. ਬਿਕਰਮ ਸਿੰਘ ਨੇ ਹਦਾਇਤਾਂ ਨੂੰ ਅੱਗੇ ਤੋਰਦਿਆਂ ਗੰਨ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਹਥਿਆਰ ਅੱਜ ਹੀ ਜਮ੍ਹਾ ਕਰਵਾ ਲੈਣ ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਦੱਸਿਆ ਕਿ ਹਥਿਆਰ ਰੱਖਣ ਵਾਲੇ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਥਿਆਰ ਜਮ੍ਹਾ ਕਰਵਾਉਣ ਲਈ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੰਚਾਇਤੀ ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਪੰਜਾਬ ਪੁਲਿਸ ਨੇ ਜ਼ੋਰਦਾਰ ਤਿਆਰੀਆਂ ਕੀਤੀਆਂ ਹਨ। ਐਸ.ਐਚ.ਓ ਬਿਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ‘ਤੇ ਵੀ ਤਿੱਖੀ ਨਜ਼ਰ ਰੱਖੀ ਹੋਈ ਹੈ।
ਲਾਂਬੜਾ ਥਾਣੇ ਦੇ ਐਸ.ਐਚ.ਓ. ਬਲਬੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਗੁਰਦੁਆਰਿਆਂ ਵਿਚ ਲਗਾਏ ਗਏ ਸਪੀਕਰਾਂ ਅਤੇ ਪੁਲਿਸ ਦੀਆਂ ਗੱਡੀਆਂ ਰਾਹੀਂ ਲੋਕਾਂ ਨੂੰ ਹਥਿਆਰ ਜਮ੍ਹਾ ਕਰਵਾਉਣ ਲਈ ਸੂਚਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿਚ ਕੁੱਲ 409 ਅਸਲਾ ਧਾਰਕ ਹਨ ਅਤੇ ਇਨ੍ਹਾਂ ਵਿੱਚੋਂ ਸਿਰਫ਼ 80 ਅਸਲਾ ਧਾਰਕ ਹੀ ਹਥਿਆਰ ਜਮ੍ਹਾ ਕਰਵਾਉਣ ਲਈ ਬਾਕੀ ਹਨ। ਉਨ੍ਹਾਂ ਕਿਹਾ ਕਿ ਗੰਨ ਮਾਲਕ ਜਲਦੀ ਤੋਂ ਜਲਦੀ ਅਸਲਾ ਜਮ੍ਹਾ ਕਰਵਾਉਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)