ਅੰਮ੍ਰਿਤਸਰ, 21 ਦਸੰਬਰ| ਮਾਮਲਾ ਅੰਮ੍ਰਿਤਸਰ ਦੇ ਕੋਟ ਮੀਤ ਸਿੰਘ ਇਲਾਕੇ ਦਾ ਹੈ, ਜਿਥੋਂ ਦੇ ਰਹਿਣ ਵਾਲੇ ਜੀਆਰਪੀ ਪੁਲਿਸ ਮੁਲਾਜ਼ਮ ਵਲੋਂ ਅੱਜ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਜਿਥੇ ਨੌਜਵਾਨ ਵਲੋਂ ਆਤਮਹੱਤਿਆ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਮ੍ਰਿਤਕ ਸ਼ਮਸ਼ੇਰ ਸਿੰਘ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਵਲੋਂ ਇਸਨੂੰ ਕਤਲ ਦੱਸਿਆ ਜਾ ਰਿਹਾ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ਮਸ਼ੇਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਨੇ ਬੇਟੇ ਸ਼ਮਸ਼ੇਰ ਸਿੰਘ ਨੂੰ ਪੁਲਿਸ ਦੀ ਨੌਕਰੀ ‘ਤੇ ਲਵਾਇਆ ਸੀ ਤਾਂ ਜੋ ਪਰਿਵਾਰ ਦਾ ਮੋਢੀ ਬਣ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਪਰ ਨੌਕਰੀ ਲੱਗਣ ਉਪਰੰਤ ਵਿਆਹ ਕਰਨ ਤੋਂ ਬਾਅਦ ਬੇਟੇ ਸ਼ਮਸ਼ੇਰ ਦੀ ਪਤਨੀ ਵਲੋਂ ਘਰ ਵਿਚ ਕਲੇਸ਼ ਪਾ ਕੇ ਉਸਨੂੰ ਪੁਲਿਸ ਕੁਆਰਟਰਾਂ ਵਿਚ ਰਹਿਣ ਨੂੰ ਮਜਬੂਰ ਕੀਤਾ ਗਿਆ।

ਸਾਡਾ ਪੁੱਤਰ ਵੀ ਸਾਨੂੰ ਇਸ ਮਾੜੀ ਨੂੰਹ ਬਾਰੇ ਸ਼ਿਕਾਇਤ ਕਰਦਾ ਰਹਿੰਦਾ ਸੀ ਅਤੇ ਬੀਤੀ ਰਾਤ ਸ਼ਮਸ਼ੇਰ ਦੀ ਪਤਨੀ ਅਤੇ ਉਸਦੇ ਸਹੁਰੇ ਪਰਿਵਾਰ ਵਲੋਂ ਉਸਦਾ ਕਤਲ ਕਰ ਦਿਤਾ ਗਿਆ ਹੈ, ਕਿਉਂਕਿ ਸਾਨੂੰ ਸੂਚਨਾ ਮਿਲਣ ‘ਤੇ ਜਦੋਂ ਅਸੀਂ ਉਥੇ ਪਹੁੰਚੇ ਤਾਂ ਆਤਮਹੱਤਿਆ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਸੀ, ਸਗੋਂ  ਮਾਮਲਾ ਕਤਲ ਦਾ ਲੱਗ ਰਿਹਾ ਸੀ। ਜਿਸਦੇ ਚੱਲਦੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਉਹ ਉਨ੍ਹਾਂ ਦੇ ਬੇਟੇ ਦੇ ਕਾਤਲਾਂ ਉਪਰ ਬਣਦੀ ਕਾਰਵਾਈ ਅਮਲ ਵਿਚ ਲਿਆਉਣ।