ਅੰਮ੍ਰਿਤਸਰ, 13 ਜਨਵਰੀ | ਪੁਲਿਸ ਕਮਿਸ਼ਨਰ ਨੇ ਲੋਹੜੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦਿਆਂ ਇੱਕ ਵਿਸ਼ੇਸ਼ ਕਦਮ ਚੁੱਕਿਆ ਹੈ। ਭੰਡਾਰੀ ਪੁਲ ਅਤੇ ਐਲੀਵੇਟਿਡ ਰੋਡ ‘ਤੇ ਦੋਪਹੀਆ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਨ੍ਹਾਂ ਸੜਕਾਂ ‘ਤੇ ਸਿਰਫ਼ ਚਾਰ ਪਹੀਆ ਵਾਹਨਾਂ ਦੀ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੋਹੜੀ ਮੌਕੇ ਪਤੰਗ ਉਡਾਉਣ ਕਾਰਨ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਇਹ ਫੈਸਲਾ ਲਿਆ ਗਿਆ ਹੈ। ਅਕਸਰ ਦੇਖਿਆ ਗਿਆ ਹੈ ਕਿ ਚਾਈਨੀਜ਼ ਮਾਂਝੇ ਕਾਰਨ ਦੋਪਹੀਆ ਵਾਹਨ ਚਾਲਕਾਂ ਦਾ ਗਲਾ ਵੱਢਣ ਜਾਂ ਹਾਦਸਿਆਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ ਘਟਨਾਵਾਂ ਵਿਚ ਕਈ ਵਾਰ ਜਾਨਾਂ ਵੀ ਜਾ ਚੁੱਕੀਆਂ ਹਨ।

ਭੰਡਾਰੀ ਪੁਲ ਦੇ ਨਾਲ-ਨਾਲ ਬਟਾਲਾ ਰੋਡ ਦਾ ਪੁਲ ਵੀ ਦੋ ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਹੈ। ਬਟਾਲਾ ਰੋਡ ਪੁਲ ‘ਤੇ ਕਿਸੇ ਵੀ ਤਰ੍ਹਾਂ ਦੇ ਵਾਹਨ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੀਆਂ ਹੋਰ ਐਲੀਵੇਟਿਡ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਜਿੱਥੇ ਸਿਰਫ਼ ਚਾਰ ਪਹੀਆ ਵਾਹਨਾਂ ਨੂੰ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਚੀਨੀ ਮਾਂਝੇ ਦੀ ਵਰਤੋਂ ਕਰ ਕੇ ਪਤੰਗ ਉਡਾਉਣ ਵਾਲਿਆਂ ’ਤੇ ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ। ਚੀਨੀ ਮਾਂਝੇ ਦੀ ਵਰਤੋਂ ਕਰਦੇ ਪਾਏ ਜਾਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨੂੰ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਨਾ ਕਰੋ ਅਤੇ ਪੁਲਿਸ ਦੇ ਇਸ ਸੁਰੱਖਿਆ ਉਪਾਅ ਦਾ ਸਮਰਥਨ ਕਰੋ। ਇਹ ਕਦਮ ਲੋਹੜੀ ਦੇ ਤਿਉਹਾਰ ਨੂੰ ਸੁਰੱਖਿਅਤ ਬਣਾਉਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਚੁੱਕਿਆ ਗਿਆ ਹੈ।