ਅੰਮ੍ਰਿਤਸਰ | ਥਾਣਾ ਅਜਨਾਲਾ ਦੀ ਪੁਲਿਸ ਨੇ ਵਾਰਿਸ ਪੰਜਾਬ ਦੇ ਜੱਥੇਦਾਰ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਹੀ ਅੰਮ੍ਰਿਤਪਾਲ ਖਿਲਾਫ ਇਕ ਨੌਜਵਾਨ ਨੂੰ ਅਗਵਾ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਰਾਤ ਸਮੇਂ ਹੀ ਨੌਜਵਾਨ ਦਾ ਮੈਡੀਕਲ ਕਰਵਾ ਕੇ ਕੇਸ ਦਰਜ ਕਰ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੀਆਂ ਕੁਝ ਟੀਮਾਂ ਗੁਰਦਾਸਪੁਰ ਵੱਲ ਭੇਜੀਆਂ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਅੱਜ ਗੁਰਦਾਸਪੁਰ ਦੇ ਆਸ-ਪਾਸ ਅੰਮ੍ਰਿਤਪਾਲ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਗੁਰਦਾਸਪੁਰ ਵੱਲ ਰੁਖ਼ ਕਰ ਲਿਆ ਹੈ। ਛਾਪੇਮਾਰੀ ਕਿੱਥੇ ਕੀਤੀ ਜਾ ਰਹੀ ਹੈ, ਇਸ ਬਾਰੇ ਪੁਲਿਸ ਨੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਗੁਰਦਾਸਪੁਰ ਦੇ ਪਿੰਡਾਂ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਨੂੰ ਹਿਰਾਸਤ ‘ਚ ਲਿਆ ਹੈ। ਪੁਲਿਸ ਅਜੇ ਵੀ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਜਲਦ ਹੀ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਸਕਦਾ ਹੈ।

ਦੂਜੇ ਪਾਸੇ ਪੀੜਤ ਬਰਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਬਰਿੰਦਰ ਦੇ ਬਿਆਨ ਮੈਜਿਸਟਰੇਟ ਸਾਹਮਣੇ ਦਰਜ ਕਰਵਾਏ ਗਏ ਹਨ। ਪੁਲਿਸ ਇਸ ਮਾਮਲੇ ‘ਚ ਬਿਲਕੁਲ ਵੀ ਢਿੱਲ ਨਹੀਂ ਵਰਤਣਾ ਚਾਹੁੰਦੀ। ਇਸ ਲਈ ਪੁਲਿਸ ਕੇਸ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਸਬੂਤ ਇਕੱਠੇ ਕਰ ਰਹੀ ਹੈ।