ਤਰਨਤਾਰਨ (ਬਲਜੀਤ ਸਿੰਘ) | ਭਿੱਖੀਵਿੰਡ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੱਥੋਂ ਇੱਕ ਘਰੋਂ ਪਿਸਤੌਲ, ਨਕਦੀ ਅਤੇ 31 ਤੋਲੇ ਸੋਨਾ ਚੋਰੀ ਹੋ ਗਿਆ।

ਕੱਚਾ ਪਹੂਵਿੰਡ ਰੋਡ ਕਾਲੋਨੀ ਦੇ ਦਿਲਬਾਗ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਹਰਭਜਨ ਸਿੰਘ ਦੀ 10 ਜੂਨ ਨੂੰ ਮੌਤ ਹੋ ਗਈ ਸੀ ਜਿਸ ਕਰਕੇ ਮੈਂ ਆਪਣੇ ਪਰਿਵਾਰ ਸਮੇਤ ਆਪਣੀ ਕੋਠੀ ਨੂੰ ਤਾਲਾ ਲਾ ਕੇ ਪਿੰਡ ਮਾਛੀਕੇ ਵਿਖੇ ਚਲਾ ਗਿਆ ਸੀ।

12 ਜੂਨ ਨੂੰ ਮੈਂ ਭਿੱਖੀਵਿੰਡ ਆਇਆ ਅਤੇ 13 ਜੂਨ ਨੂੰ ਫਿਰ ਪਿੰਡ ਮਾਛੀਕੇ ਚਲਾ ਗਿਆ। ਇਸ ਤੋਂ ਮੈਂ 20 ਜੂਨ ਦੀ ਸ਼ਾਮ ਨੂੰ ਕਰੀਬ 5 ਵਜੇ ਪਰਿਵਾਰ ਸਮੇਤ ਘਰ ਵਾਪਿਸ ਆਇਆ। ਜਦੋਂ ਅਸੀਂ ਬਾਹਰਲਾ ਮੇਨ ਗੇਟ ਦਾ ਤਾਲਾ ਖੋਲ੍ਹਿਆ ਤੇ ਅੰਦਰ ਦਾਖ਼ਲ ਹੋਏ ਤਾਂ ਕੋਠੀ ਦੇ ਅੰਦਰ ਵਾਲਾ ਗੇਟ ਖੁੱਲ੍ਹਾ ਪਿਆ ਸੀ। ਅੰਦਰ ਜਾ ਕੇ ਵੇਖਿਆ ਤਾਂ ਕਮਰਿਆਂ ਅੰਦਰ ਸਾਰਾ ਸਾਮਾਨ ਗੋਦਰੇਜ ਦੀ ਅਲਮਾਰੀ ਅਤੇ ਬੈੱਡ ਬਾਕਸ ਬਾਹਰ ਕੱਢ ਕੇ ਹੇਠਾਂ ਸੁੱਟਿਆ ਪਿਆ ਸੀ। ਸਾਰੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਸਨ। ਗੋਦਰੇਜ ਦੀ ਅਲਮਾਰੀ ਵਿੱਚ ਪਿਆ ਰਿਵਾਲਵਰ .32 ਬੋਰ, 50 ਰੌਂਦ ਤੇ ਅਸਲਾ ਚੋਰੀ ਹੋ ਗਿਆ ਸੀ। ਚੋਰ ਇੱਕ ਲੱਖ ਰੁਪਏ ਨਕਦੀ ਤੇ ਕਰੀਬ 31 ਤੋਲੇ ਸੋਨਾ ਜਿਸ ਦੀ ਕੀਮਤ 15 ਲੱਖ ਰੁਪਏ ਬਣਦੀ ਹੈ, ਲੈ ਗਏ। ਇਹ ਸਾਰਾ ਸਾਮਾਨ ਚੈੱਕ ਕਰਨ ਤੇ ਚੋਰੀ ਹੋਣਾ ਪਾਇਆ ਗਿਆ ਹੈ।

ਦਿਲਬਾਗ ਸਿੰਘ ਨੇ ਦੱਸਿਆ ਕਿ ਘਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਪਰ ਚੋਰ ਕੈਮਰੇ ਅਤੇ ਡੀਵੀਆਰ ਵੀ ਨਾਲ ਲੈ ਗਏ। ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦਿੱਤੀ ਗਈ ਹੈ।

ਚੋਰੀ ਦੀ ਵਾਰਦਾਤ ਬਾਰੇ ਸਬ ਇੰਸਪੈਕਟਰ ਪਵਨ ਕੁਮਾਰ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਫਿੰਗਰਪ੍ਰਿੰਟ ਸਪੈਸ਼ਲਿਸਟ ਨੂੰ ਬੁਲਾ ਕੇ ਤਫਤੀਸ਼ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)