ਲੈਵਲ-2 ਦੇ ਮਰੀਜਾਂ ਲਈ 110 ਅਤੇ ਲੈਵਲ-3 ਲਈ 10 ਬੈਡ ਹੋਣਗੇ ਉਪਲੱਬਧ

ਜਲੰਧਰ . ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਪਿਮਸ) ਵਲੋਂ ਅੱਜ ਵੀਰਵਾਰ ਤੋਂ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਲੈਵਲ-2 ਲਈ 18 ਅਤੇ ਲੈਵਲ-3 ਲਈ ਦੋ ਬੈਡਾਂ ਨਾਲ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ਅਨੁਸਾਰ ਪਿਮਸ ਵਿਖੇ ਲੈਵਲ-2 ਲਈ 110 ਅਤੇ ਲੈਵਲ-3 ਲਈ 10 ਬੈਡ ਮੌਜੂਦ ਹੋਣਗੇ ਜਿਸ ਨਾਲ ਕੋਵਿਡ-19 ਤੋਂ ਪ੍ਰਭਾਵਿਤ ਮਰੀਜਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਨੂੰ ਯਕੀਨੀ ਬਣਾਕੇ ਉਨਾ ਨੂੰ ਵਧੀਆ ਸੁਵਿਧਾਵਾਂ ਮੁੱਈਆ ਕਰਵਾਈਆਂ ਜਾ ਸਕਣਗੀਆਂ।

ਉਪ ਮੰਡਲ ਮੈਜਿਸਟਰੇਟ ਜਲੰਧਰ-2 ਰਾਹੁਲ ਸਿੰਧੂ ਦੀ ਅਗਵਾਈ ਵਾਲੀ ਸਿਵਲ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਡਿਪਟੀ ਕਮਿਸ਼ਨਰ ਵਲੋਂ ਜਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਪਿਮਸ ਦੀਆਂ ਸਬੰਧਿਤ ਅਥਾਰਟੀਆ ਨਾਲ ਬਿਹਤਰ ਤਾਲਮੇਲ ਕਰਕੇ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਲਈ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ।  

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ ਜਦੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਲੜ ਰਿਹਾ ਹੈ ਤਾਂ ਪਿਮਸ ਵਲੋਂ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ।

ਥੋਰੀ ਨੇ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਹੋਣ ਕਰਕੇ ਪਿਮਸ ਵਿਖੇ ਅਤਿ ਆਧੁਨਿਕ ਦਰਜੇ ਦਾ ਬੁਨਿਆਦੀ ਢਾਂਚਾ ਮੌਜੂਦ ਹੈ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਮਹਾਂਮਾਰੀ ਨੂੰ ਪ੍ਰਭਾਵਸ਼ਾਲੀ ਦਾ ਅਸਰਦਾਰ ਢੰਗ ਨਾਲ ਨਜਿੱਠਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮੇਂ ਦੀ ਲੋੜ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਟਾਕਰਾ ਕਰਨ ਲਈ ਇਕਜੁੱਟ ਹੋ ਕੇ ਬਹੁਪੱਖੀ ਪਹੁੰਚ ਨੂੰ ਅਪਣਾਉਣਾ ਚਾਹੀਦਾ ਹੈ।  

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦਾ ਟਾਕਰਾ ਕਰਨ ਲਈ ਨਿੱਜੀ ਹਸਪਤਾਲਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ ਜਿਨਾਂ ਵਲੋਂ ਅਗਸਤ-2020 ਦੇ ਪਹਿਲੇ ਹਫ਼ਤੇ ਤੋਂ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।

ਥੋਰੀ ਨੇ ਕਿਹਾ ਕਿ ਸੂਬਾ ਸਰਕਾਰ ਪਾਸ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਫੰਡਾਂ ਅਤੇ ਮਨੁੱਖੀ ਸਰੋਤਾਂ ਦੀ ਕੋਈ ਘਾਟ ਨਹੀਂ ਹੈ।