ਨਗਰ ਕੌਂਸਲ ਚੋਣਾਂ ਦੇ ਮਾਹੌਲ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 31 ਤੋਂ ਨਸ਼ੇ ਖ਼ਿਲਾਫ਼ ਲੋਕਾਂ ਦੇ ਗੁੱਸੇ ਦੀ ਵੱਡੀ ਤਸਵੀਰ ਸਾਹਮਣੇ ਆਈ ਹੈ। ਇਲਾਕੇ ਦੇ ਮਹੱਲਾ ਨਿਵਾਸੀਆਂ ਨੇ ਆਪਣੇ ਘਰਾਂ ਦੇ ਗੇਟਾਂ ਅਤੇ ਕੰਧਾਂ ਉੱਪਰ “ਚਿੱਟੇ ਦੇ ਵਪਾਰੀ ਸਾਡੇ ਘਰ ਵੋਟ ਮੰਗਣ ਨਾ ਆਉਣ” ਲਿਖੇ ਪੋਸਟਰ ਲਗਾ ਕੇ ਨਸ਼ਾ ਤਸਕਰੀ ਅਤੇ ਨਸ਼ੇ ਦੇ ਕਾਰੋਬਾਰ ਖ਼ਿਲਾਫ਼ ਖੁੱਲ੍ਹਾ ਮੋਰਚਾ ਖੋਲ੍ਹ ਦਿੱਤਾ ਹੈ।
ਇਹ ਪੋਸਟਰ ਹੁਣ ਪੂਰੇ ਇਲਾਕੇ ਵਿਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਗਲੀਆਂ, ਮੋਹੱਲਿਆਂ ਅਤੇ ਚੌਰਾਹਿਆਂ ਵਿੱਚ ਲੋਕ ਇਸ ਮੁਹਿੰਮ ਦੀ ਖੁੱਲ੍ਹ ਕੇ ਚਰਚਾ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਇਲਾਕੇ ਦੇ ਵਸਨੀਕਾਂ ਨੇ ਚੋਣਾਂ ਦੌਰਾਨ ਇਸ ਤਰ੍ਹਾਂ ਖੁੱਲ੍ਹ ਕੇ ਨਸ਼ੇ ਦੇ ਮੁੱਦੇ ‘ਤੇ ਆਪਣਾ ਰੋਸ ਜਤਾਇਆ ਹੈ।
ਮਹੱਲਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਕਾਫ਼ੀ ਸਮੇਂ ਤੋਂ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ ਅਤੇ ਇਸ ਕਾਰਨ ਨੌਜਵਾਨ ਪੀੜ੍ਹੀ ਬਰਬਾਦੀ ਵੱਲ ਵੱਧ ਰਹੀ ਹੈ। ਲੋਕਾਂ ਨੇ ਕਿਹਾ ਕਿ ਹਰ ਰੋਜ਼ ਗਲੀਆਂ ਵਿੱਚ ਸ਼ੱਕੀ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਜਿਸ ਨਾਲ ਇਲਾਕੇ ਦਾ ਮਾਹੌਲ ਡਰ ਅਤੇ ਅਸੁਰੱਖਿਆ ਵਿੱਚ ਤਬਦੀਲ ਹੋ ਚੁੱਕਾ ਹੈ।
ਮਹਿਲਾਵਾਂ ਨੇ ਵੀ ਆਪਣੀ ਚਿੰਤਾ ਜਤਾਉਂਦਿਆਂ ਕਿਹਾ ਕਿ ਧੀਆਂ-ਭੈਣਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰਨ ਚੋਰੀਆਂ, ਲੜਾਈਆਂ ਅਤੇ ਹੋਰ ਅਪਰਾਧਕ ਘਟਨਾਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਸ ਨਾਲ ਆਮ ਲੋਕ ਪਰੇਸ਼ਾਨ ਹਨ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਉਮੀਦਵਾਰ ਵੋਟਾਂ ਮੰਗਣ ਤਾਂ ਆਉਂਦੇ ਹਨ ਪਰ ਨਸ਼ੇ ਦੇ ਮੁੱਦੇ ‘ਤੇ ਕੋਈ ਖੁੱਲ੍ਹ ਕੇ ਗੱਲ ਨਹੀਂ ਕਰਦਾ। ਲੋਕਾਂ ਨੇ ਸਪਸ਼ਟ ਕੀਤਾ ਕਿ ਇਸ ਵਾਰ ਉਹ ਉਹਨਾਂ ਉਮੀਦਵਾਰਾਂ ਦਾ ਸਮਰਥਨ ਨਹੀਂ ਕਰਨਗੇ ਜਿਨ੍ਹਾਂ ‘ਤੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਜਾਂ ਨਸ਼ੇ ਦੇ ਮਾਮਲਿਆਂ ‘ਚ ਚੁੱਪ ਰਹਿਣ ਦੇ ਦੋਸ਼ ਲੱਗਦੇ ਰਹੇ ਹਨ।
ਕੁਝ ਨੌਜਵਾਨਾਂ ਨੇ ਕਿਹਾ ਕਿ ਇਹ ਪੋਸਟਰ ਕਿਸੇ ਰਾਜਨੀਤਿਕ ਪਾਰਟੀ ਦੇ ਖ਼ਿਲਾਫ਼ ਨਹੀਂ, ਸਗੋਂ ਨਸ਼ੇ ਦੇ ਕਾਰੋਬਾਰ ਖ਼ਿਲਾਫ਼ ਲੋਕਾਂ ਦੀ ਸਾਂਝੀ ਆਵਾਜ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਨਸ਼ੇ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ।
ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਇਸ ਦਲਦਲ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।
ਵਾਰਡ ਨੰਬਰ 31 ਵਿੱਚ ਲੱਗੇ ਇਹ ਪੋਸਟਰ ਹੁਣ ਸਿਰਫ਼ ਇਕ ਮੋਹੱਲੇ ਦੀ ਗੱਲ ਨਹੀਂ ਰਹੇ, ਸਗੋਂ ਚੋਣਾਂ ਦੌਰਾਨ ਨਸ਼ੇ ਦੇ ਮੁੱਦੇ ਨੂੰ ਕੇਂਦਰ ਵਿੱਚ ਲਿਆਉਣ ਵਾਲੀ ਵੱਡੀ ਜਨ ਅਵਾਜ਼ ਵਜੋਂ ਦੇਖੇ ਜਾ ਰਹੇ ਹਨ।