ਜਗਰਾਉਂ, 20 ਮਈ | ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹਲਕੇ ਦੇ ਪਿੰਡ ਕੋਠੇ ਰਾਹਲਾਂ, ਅਗਵਾੜ ਲਧਾਈ ਅਤੇ ਅਗਵਾੜ ਗੁੱਜਰਾਂ ਵਿੱਚ ਨਗਰ ਨਿਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ ਅਤੇ ਚਿੱਟੇ ਵਰਗੇ ਮਾਰੂ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਕੇ ਹੋਏ ਜਲਸੇ ਕੀਤੇ।

ਇਹਨਾਂ ਪਿੰਡਾਂ ਦੇ ਰੱਖੇ ਗਏ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਲੋਕੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਤੁਹਾਡੇ ਧੀਆਂ-ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਈ ਹੈ, ਇਸ ਲਈ ਆਓ ਸਾਰੇ ਸਰਕਾਰ ਦਾ ਸਾਥ ਦੇ ਕੇ ਨਸ਼ਿਆਂ ਦੇ ਕੋਹੜ ਨੂੰ ਜੜ ਤੋਂ ਖਤਮ ਕਰੀਏ। ਉਹਨਾਂ ਆਖਿਆ ਕਿ ਨਸ਼ਿਆਂ ਦੀ ਅੱਗ ਨੇ ਬਹੁਤ ਸਾਰੇ ਲੋਕਾਂ ਦੇ ਘਰ ਉਜਾੜ ਦਿੱਤੇ ਹਨ, ਮਾਂਵਾਂ ਵਿਲਕ ਰਹੀਆਂ ਹਨ ਅਤੇ 25-30 ਸਾਲ ਦੀਆਂ ਕੁੜੀਆਂ ਚਿੱਟੇ ਕਾਰਨ ਵਿਧਵਾ ਹੋ ਰਹੀਆਂ ਹਨ ਤੇ ਬੱਚੇ ਰੁਲ ਰਹੇ ਹਨ।

ਇਹ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਹਨ, ਜੋ ਲੋਕਾਂ ਦੇ ਘਰ ਤਬਾਹ ਕਰ ਰਹੇ ਹਨ। ਉਹਨਾਂ ਨਸ਼ਾ ਸਮੱਗਲਰਾਂ ਨੂੰ ਸਖਤ ਤਾੜਨਾਂ ਕਰਦੇ ਹੋਏ ਆਖਿਆ ਕਿ ਜੇਕਰ ਕੋਈ ਨਸ਼ਾ ਤਸਕਰ ਇਹ ਕਹੇਗਾ ਕਿ ਉਹ ਨਸ਼ਾ ਵੇਚੇਗਾ, ਤਾਂ ਉਹ ਇਹ ਭਰਮ ਛੱਡ ਦੇਵੇ ਅਤੇ ਸਖਤ ਕਾਰਵਾਈ ਲਈ ਤਿਆਰ ਰਹੇ, ਕਿਉਂਕਿ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਟੰਗਣ ਲਈ ਪੂਰੀ ਵਿਊਂਤਬੰਦੀ ਨਾਲ ਤਿਆਰੀ ਕੀਤੀ ਹੋਈ ਹੈ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਜੇਕਰ ਕੋਈ ਸਰਪੰਚ, ਪੰਚਾਇਤ ਮੈਂਬਰ ਜਾਂ ਨੰਬਰਦਾਰ ਕਿਸੇ ਵੀ ਚਿੱਟੇ ਦੇ ਸਮੱਗਲਰ ਜਾਂ ਨਸ਼ੇੜੀ ਦੀ ਸਹਾਇਤਾ ਲਈ ਸਿਫਾਰਸ਼ ਕਰਕੇ ਜਾਂ ਸਾਥ ਦੇਵੇਗਾ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਹੋ ਸਕਦੀ ਹੈ ਅਤੇ ਉਸ ਵਿਰੁੱਧ ਪਿੰਡਾਂ ਵਿੱਚ ਇਕੱਠ ਕਰਕੇ ਵਿਰੋਧ ਦਾ ਮਤਾ ਪਾਇਆ ਜਾਵੇਗਾ।