ਅੰਮ੍ਰਿਤਸਰ | ਈਸਾਈ ਧਰਮ ਦੇ ਪ੍ਰਚਾਰਕ ਅੰਕੁਰ ਨਰੂਲਾ ਵੱਲੋਂ ਇਕ ਸਮਾਗਮ ਦੌਰਾਨ ਮਾਤਾ ਵੈਸ਼ਨੋ ਦੇਵੀ ਬਾਰੇ ਭੱਦੀ ਸ਼ਬਦਾਵਲੀ ਬੋਲਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਉਕਤ ਪਾਸਟਰ ਉੱਤੇ ਕਾਰਵਾਈ ਨੂੰ ਲੈ ਕੇ ਇਕ ਮੰਗ-ਪੱਤਰ ਅੰਮ੍ਰਿਤਸਰ ਦੇ ਡੀਸੀਪੀ ਨੂੰ ਦਿੱਤਾ ਗਿਆ।
ਲੋਕਾਂ ਨੇ ਕਿਹਾ ਕਿ ਅੰਕੁਰ ਨਰੂਲਾ ਭੋਲੇਭਾਲੇ ਲੋਕਾਂ ਨੂੰ ਹਿੰਦੂ ਧਰਮ ਅਤੇ ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਨਿੰਦਣਯੋਗ ਸ਼ਬਦ ਬੋਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਅਖੌਤੀ ਪਾਸਟਰ ਆਪਣੀ ਸਭਾ ਦੌਰਾਨ ਕਹਿ ਰਿਹਾ ਹੈ ਕਿ ਤੁਸੀਂ ਪਹਾੜਾਂ ਵਿਚ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਹੋ ਅਤੇ ਵਾਪਸੀ ਵਿਚ ਤੁਹਾਡੀ ਬਸ ਖੱਡ ਵਿਚ ਡਿੱਗ ਜਾਂਦੀ ਹੈ। ਉਹ ਦੇਵੀ ਨਹੀਂ ਸ਼ੈਤਾਨ ਹੈ। ਉਹ ਕਹਿੰਦਾ ਹੈ ਕਿ ਸਭ ਸ਼ੈਤਾਨ ਹਨ, ਸਿਰਫ ਪ੍ਰਭੂ ਯਿਸ਼ੂ ਮਸੀਹ ਹੀ ਰੱਬ ਹੈ ਤੁਸੀਂ ਚਰਚ ਆਇਆ ਕਰੋ। ਉਨ੍ਹਾਂ ਕਿਹਾ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਕੁਝ ਸ਼ਰਾਰਤੀ ਅਨਸਰ ਆਏ ਦਿਨ ਹੀ ਸਮਾਜ ਵਿਰੋਧੀ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਸ ਗੱਲ ਨਾਲ ਸਨਾਤਨ ਧਰਮ ਵਿਚ ਆਸਥਾ ਰੱਖਣ ਵਾਲਿਆਂ ‘ਚ ਗੁੱਸੇ ਦੀ ਲਹਿਰ ਫੈਲ ਚੁੱਕੀ ਹੈ । ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅੰਕੁਰ ਨਰੂਲਾ ‘ਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ‘ਤੇ 295-A ਪਰਚਾ ਦਰਜ ਕੀਤਾ ਜਾਵੇ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਦੋਸ਼ੀ ‘ਤੇ ਸਖਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਮਜਬੂਰਨ ਸਮਾਜ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।