ਹਰਿਆਣਾ | ਹਰਿਆਣਾ ਦੇ ਕੁਰੂਕਸ਼ੇਤਰ ‘ਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜ਼ਿਲ੍ਹੇ ਦੇ ਸ਼ਾਹਬਾਦ ਮਾਰਕੰਡਾ ਦੇ ਨੌਗਾਜਾ ਪੀਰ ਨੇੜੇ ਹੋਏ ਸੜਕ ਹਾਦਸੇ ‘ਚ ਰਾਜਪੁਰਾ (ਪੰਜਾਬ) ਦੇ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਸਵੇਰੇ ਆਪਣੀ ਧੀ ਨੂੰ ਲੈਣ ਰਾਜਪੁਰਾ ਗਏ ਸਨ। ਉਹਨਾਂ ਦੀ ਬੇਟੀ ਮਲੇਸ਼ੀਆ ਤੋਂ ਵਾਪਸ ਆ ਰਹੀ ਸੀ। ਉਹ ਉਸ ਨੂੰ ਲੈਣ ਦਿੱਲੀ ਏਅਰਪੋਰਟ ਜਾ ਰਹੇ ਸੀ।

ਮਲੇਸ਼ੀਆ ਤੋਂ ਵਾਪਸ ਆ ਰਹੀ ਉਹਨਾਂ ਦੀ ਬੇਟੀ ਨੇ ਅੱਜ ਸਵੇਰੇ 9 ਵਜੇ ਦੇ ਕਰੀਬ ਦਿੱਲੀ ਏਅਰਪੋਰਟ ‘ਤੇ ਉਤਰਨਾ ਸੀ। ਪਰ ਮਾਤਾ-ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਤੇ ਕਾਰ ਦੇ ਪਰਖੱਚੇ ਉੱਡ ਗਏ।

ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸ ਦੇਈਏ ਕਿ ਸੇਤੀਆ ਪਰਿਵਾਰ ਪੰਜਾਬ ਦੇ ਰਾਜਪੁਰਾ ਦਾ ਰਹਿਣ ਵਾਲਾ ਹੈ। ਜਿਸ ਕਾਰ ਵਿੱਚ ਹਾਦਸਾ ਵਾਪਰਿਆ ਉਸ ਦਾ ਨੰਬਰ PB39K6686 ਹੈ।
ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਇਸ ਦੇ ਨਾਲ ਹੀ ਹਾਦਸੇ ‘ਚ ਜ਼ਖਮੀ ਹੋਏ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।