ਫਾਜ਼ਿਲਕਾ | ਇਥੇ ਕੋਰਟ ਮੈਰਿਜ ਐਕਟ ਦੀ ਉਲੰਘਣਾ ਕਰਦਿਆਂ ਘੱਟ ਉਮਰ ਵਿਚ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪੁਲਿਸ ਨੇ ਕਾਰਵਾਈ ਕੀਤੀ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਪ੍ਰਧਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਨਾਲ ਵਿਆਹ ਕਰਵਾਉਣ ਵਾਲੀ ਬਸਕਾਰੋ ਨਾਂ ਦੀ ਲੜਕੀ ਨੇ ਸੁਰੱਖਿਆ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਦਸਤਾਵੇਜ਼ਾਂ ’ਚ ਆਧਾਰ ਕਾਰਡ ਦੀ ਜਾਂਚ ਕਰਨ ਮੌਕੇ ਲਾੜੇ ਸੰਜੀਵ ਕੁਮਾਰ ਦੀ ਉਮਰ ਸਾਢੇ 19 ਸਾਲ ਹੋਣ ਦੀ ਗੱਲ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਮੈਰਿਜ ਐਕਟ ਅਨੁਸਾਰ ਵਿਆਹ ਕਰਨ ਲਈ ਪੁਰਸ਼ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਬਾਲ ਵਿਆਹ ਰੋਕੂ ਮਨਾਹੀ ਕਾਨੂੰਨ ਦੀ ਉਲੰਘਣਾ ਹੋਈ ਹੈ।

ਮੁਲਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਵਾਸੀ ਅਨੂਪਗੜ੍ਹ, ਗੰਗਾਨਗਰ (ਰਾਜਸਥਾਨ), ਸਰਬਜੀਤ ਸਿੰਘ, ਹੈੱਡ ਗ੍ਰੰਥੀ ਤੇ ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਫਾਜ਼ਿਲਕਾ ਵਜੋਂ ਹੋਈ ਹੈ। ਸੈਸ਼ਨ ਜੱਜ ਸਵਿੰਦਰ ਸਿੰਘ ਸਿੱਧੂ ਵੱਲੋਂ ਲਿਖੇ ਪੱਤਰ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਗੁਰਦੁਆਰੇ ਦੇ ਹੈੱਡ ਗ੍ਰੰਥੀ ਵੱਲੋਂ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।