ਅੰਮ੍ਰਿਤਸਰ| ਛੇਹਰਟਾ ਰੋਡ ‘ਤੇ ਆਜ਼ਾਦ ਨਗਰ ਇਲਾਕੇ ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਵੇਰੇ ਕਾਰ ਅਤੇ ਮੋਟਰਸਾਈਕਲ ਦਾ ਜ਼ਬਰਦਸਤ ਐਕਸੀਡੈਂਟ ਹੋ ਗਿਆ । ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੌਕੇ ‘ਤੇ ਹੀ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਜੋ ਉਸਦੇ ਨਾਲ ਸੀ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਜਿਹੜਾ ਕਾਰ ਚਾਲਕ ਸੀ ਉਹ ਮੌਕੇ ਤੋਂ ਹੀ ਫਰਾਰ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਅੱਜ ਬਹੁਤ ਵੱਡਾ ਜਿਹੜਾ ਐਕਸੀਡੈਂਟ ਹੋਇਆ। ਇਕ ਪਰਿਵਾਰ ਦਾ ਜੀਅ ਵਿਛੜ ਗਿਆ ਹੈ । ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਇਲਾਕੇ ਵਿੱਚ ਸਪੀਡ ਬਰੇਕਰ ਬਣਾਏ ਜਾਣ ਪਰ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਅੱਜ ਇੰਨਾ ਵੱਡਾ ਭਿਆਨਕ ਹਾਦਸਾ ਹੋ ਗਿਆ। ਉਨ੍ਹਾਂ ਕਿਹਾ ਕਿ ਕਾਰ ਇੰਨੀ ਤੇਜ਼ ਰਫਤਾਰ ਵਿੱਚ ਸੀ ਕਿ ਦੋਵੇਂ ਪਤੀ-ਪਤਨੀ ਜੋ ਕਿ ਮੋਟਰਸਾਈਕਲ ‘ਤੇ ਆ ਰਹੇ ਸਨ, ਉਨ੍ਹਾਂ ਵਿੱਚ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਨ੍ਹਾਂ ਨੂੰ ਘਸੀਟਦਾ ਲੈ ਗਿਆ, ਜਿਸ ਕਾਰਨ ਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੂੰ ਗੰਭੀਰ ਰੂਪ ਵਿੱਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ।

ਉਥੇ ਹੀ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਰ ਚਾਲਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੱਲੋਂ ਆ ਰਿਹਾ ਸੀ ਅਤੇ ਮੋਟਰਸਾਈਕਲ ‘ਤੇ ਸਵਾਰ ਪਤੀ-ਪਤਨੀ ਜੋ ਕਿ ਜੰਡਿਆਲਾ ਦੇ ਰਹਿਣ ਵਾਲੇ ਹਨ, ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ‘ਤੇ ਛੇਹਰਟਾ ਦੇ ਆਜ਼ਾਦ ਨਗਰ ਇਲਾਕੇ ਵਿਚ ਆ ਰਹੇ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ, ਉਸ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।