ਪਠਾਨਕੋਟ . ਪੰਜਾਬ ਪੁਲਿਸ ਨੇ ਹਿਜਬੁਲ ਮੁਜਾਹਿਦੀਨ ਦੇ ਇਕ ਕਾਰਕੁੰਨ ਨੂੰ 29 ਲੱਖ ਰੁਪਏੇ ਦੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹਿਜ਼ਬੁਲ ਮੁਜਾਹਿਦੀਨ ਦੇ ਕਾਬੂ ਕੀਤੇ ਇਸ ਕਾਰਕੁੰਨ ਦੀ ਪਛਾਣ ਹਿਲਾਲ ਅਹਿਮਦ ਵਾਗੈ ਪੁੱਤਰ ਅਬਦੁੱਲ ਸਮਦ ਵਾਗੀ ਵਾਸੀ ਨੌਵਗਾਮ ਵਜੋਂ ਹੋਈ ਹੈ, ਜੋ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਅਵੰਤੀਪੁਰਾ ਥਾਣੇ ਵਿੱਚ ਪੈਂਦਾ ਹੈ। ਡੀ ਜੀ ਪੀ ਨੇ ਅੱਗੇ ਦੱਸਿਆ ਕਿ ਹਿਲਾਲ ਨੂੰ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਮੁਸਤੈਦ ਟੀਮ ਨੇ ਕਾਬੂ ਕੀਤਾ ਸੀ, ਜੋ 25 ਅਪ੍ਰੈਲ ਦੇਰ ਸ਼ਾਮ ਨੂੰ ਸ਼ਹਿਰ ਵਿੱਚ ਮੈਟਰੋ ਮਾਰਟ ਨੇੜੇ ਗਸ਼ਤ ਤੇ ਕਰ ਰਹੀ ਸੀ।
ਉਕਤ ਵਿਰੁੱਧ ਥਾਣਾ ਸਦਰ, ਅੰਮ੍ਰਿਤਸਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਹਿਲਾਲ ਅਹਿਮਦ ਨੂੰ ਰਿਆਜ਼ ਅਹਿਮਦ ਨੈਕੂ ਵਾਸੀ ਬਿਜਬੇਹੜਾ, ਕਸ਼ਮੀਰ ਦੇ ਹਿਜਬੁਲ ਮੁਜਾਹਿਦੀਨ ਦੇ ਮੁਖੀ ਨੇ ਆਪਣੇ ਟਰੱਕ ਰਾਹੀਂ ਪੈਸਾ ਲੈਣ ਲਈ ਭੇਜਿਆ ਸੀ। ਗੁਪਤਾ ਨੇ ਦੱਸਿਆ ਕਿ ਇਹ ਪੈਸਾ ਉਸ ਨੂੰ ਅਣਪਛਾਤੇ ਵਿਅਕਤੀ ਦੁਆਰਾ ਸੌਂਪਿਆ ਗਿਆ ਸੀ, ਜੋ ਸਫੇਦ ਰੰਗ ਦੀ ਐਕਟਿਵਾ ‘ਤੇ ਆਇਆ ਸੀ। ਡੀ ਜੀ ਪੀ ਨੇ ਕਿਹਾ ਕਿ ਟਰੱਕ ਵਿਚ ਉਸ ਦੇ ਨਾਲ ਆਏ ਵਿਅਕਤੀ ਦੀ ਪਛਾਣ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਰਈਸ ਅਹਿਮਦ ਵਾਸੀ ਬਿਜਬੇਹਾਰਾ ਵਜੋਂ ਹੋਈ ਹੈ।