ਨਵੀਂ ਦਿੱਲੀ | ਦੇਸ਼ ਭਰ ‘ਚ “ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਲਈ” ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਦੇ ਵੀਡੀਓ ਇਕ ਨਿੱਜੀ ਚੈਨਲ ਤੇ ਚੈਨਲ ਦੇ ਮੁੱਖ ਸੰਪਾਦਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝੇ ਕੀਤੇ ਹਨ।

ਸੁਰੇਸ਼ ਚਵਹਾਣਕੇ ਨੇ ਬੁੱਧਵਾਰ 29 ਦਸੰਬਰ ਨੂੰ ਇਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਇਕ ਅਣਪਛਾਤੇ ਵਿਅਕਤੀ ਨੂੰ ਉੱਤਰ ਪ੍ਰਦੇਸ਼ ਦੇ ਸੋਨਭੱਦਰ ‘ਚ ਇਕ ਸਕੂਲ ਦੇ ਵਿਦਿਆਰਥੀਆਂ ਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ “ਲੜੋ, ਮਰੋ ਤੇ ਜੇ ਲੋੜ ਪਈ ਤਾਂ ਮਾਰੋ” ਦੀ ਸਹੁੰ ਚੁਕਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਨਿਊਜ਼ ਚੈਨਲ ਨੇ ਮੰਗਲਵਾਰ 28 ਦਸੰਬਰ ਨੂੰ ਯੂਪੀ ਦੇ ਰੁਪੈਡੀਹਾ ਤੇ ਨਾਗਪੁਰ ਵਿੱਚ ਅਜਿਹੇ ਸਹੁੰ ਚੁੱਕ ਸਮਾਗਮ ਦੇ 2 ਵੀਡੀਓ ਸਾਂਝੇ ਕੀਤੇ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਦਿੱਲੀ ਵਿੱਚ ਹਿੰਦੂ ਯੁਵਾ ਵਾਹਿਨੀ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਅਜਿਹੀ ਹੀ ਸਹੁੰ ਚੁਕਾਈ ਗਈ, ਜਿਸ ਦੇ ਵੀਡੀਓਜ਼ 22 ਦਸੰਬਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਸਨ।

ਇਸ ਦੌਰਾਨ ਸਹੁੰ ਚੁਕਾਈ ਗਈ, “ਅਸੀਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰਨ ਦਾ ਵਾਅਦਾ ਕਰਦੇ ਹਾਂ। ਅਸੀਂ ਇਸ ਲਈ ਲੜਾਂਗੇ, ਇਸ ਲਈ ਮਰਾਂਗੇ ਤੇ ਜੇ ਲੋੜ ਪਈ ਤਾਂ ਇਸ ਲਈ ਮਾਰ ਦੇਵਾਂਗੇ ਪਰ ਅਸੀਂ ਇਕ ਪਲ ਲਈ ਵੀ ਪਿੱਛੇ ਨਹੀਂ ਹਟਾਂਗੇ, ਭਾਵੇਂ ਕੁਝ ਵੀ ਹੋਵੇ। ਸਾਡੇ ਪੁਰਖੇ, ਅਧਿਆਪਕ, ਭਾਰਤ ਮਾਤਾ ਸਾਨੂੰ ਇੰਨੀ ਤਾਕਤ ਦੇਵੇ ਕਿ ਅਸੀਂ ਆਪਣੇ ਸੰਕਲਪ ਨੂੰ ਪੂਰਾ ਕਰ ਸਕੀਏ। ਉਹ ਸਾਨੂੰ ਜਿੱਤ ਦਿਵਾਏ।”

ਯੂਪੀ ‘ਚ ਸਕੂਲੀ ਬੱਚਿਆਂ ਨੂੰ ਚੁਕਾਈ ਗਈ ਸਹੁੰ

ਯੂਪੀ ਦੇ ਸੋਨਭੱਦਰ ਜ਼ਿਲ੍ਹੇ ਦੇ ਨਹਿਰੂ ਪਾਰਕ ਵਿਖੇ ਸਕੂਲੀ ਬੱਚਿਆਂ ਨੂੰ ਸਹੁੰ ਚੁਕਾਈ ਗਈ ਤੇ ਇਸ ਨੂੰ ਨਿੱਜੀ ਚੈਨਲ ਦੇ ਰਿਪੋਰਟਰ ਨੇ ਰਿਕਾਰਡ ਕੀਤਾ। ਇਸ ਦੀ ਸਮਾਪਤੀ ‘ਭਾਰਤ ਮਾਤਾ ਕੀ ਜੈ’, ‘ਵੰਦੇ ਮਾਤਰਮ’ ਤੇ ‘ਜੈ ਹਿੰਦ’ ਦੇ ਨਾਅਰਿਆਂ ਨਾਲ ਹੋਈ।

ਸਕੂਲੀ ਵਰਦੀਆਂ ਪਹਿਨੇ ਬੱਚੇ ਸਕੂਲ ਸਮੇਂ ਤੋਂ ਬਾਅਦ ਪਾਰਕ ਵਿੱਚ ਇਕੱਠੇ ਹੋ ਗਏ ਸਨ। ਆਪਣੇ ਮਾਤਾ-ਪਿਤਾ ਸਮੇਤ ਪਾਰਕ ਵਿੱਚ ਆਏ ਕੁਝ ਬੱਚੇ ਵੀ ਸਹੁੰ ਚੁੱਕ ਸਮਾਗਮ ਦਾ ਹਿੱਸਾ ਸਨ।

ਵੀਡੀਓ ਕਲਿੱਪ ‘ਤੇ ਪ੍ਰਤੀਕਿਰਿਆ ਦਿੰਦਿਆਂ ਸੋਨਭੱਦਰ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਕਿਹਾ ਕਿ ਸਬੰਧਤ ਪੁਲਿਸ ਅਧਿਕਾਰੀ ਨੂੰ ਇਸ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।

ਪਹਿਲੀ ਵੀਡੀਓ ਵਿੱਚ ਇਕ ਅਣਪਛਾਤੇ ਵਿਅਕਤੀ ਨੂੰ ਭਾਰਤ-ਨੇਪਾਲ ਸਰਹੱਦ ਦੇ ਨੇੜੇ ਇਕ ਛੋਟੇ ਜਿਹੇ ਕਸਬੇ ਰੁਪੈਡੀਹਾ ਵਿੱਚ 12 ਲੋਕਾਂ ਨੂੰ ਸਹੁੰ ਚੁਕਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਂਝੇ ਕੀਤੇ ਗਏ ਇਕ ਹੋਰ ਵੀਡੀਓ ਵਿੱਚ ਨਾਗਪੁਰ ‘ਚ ਇਕ ਅਣਪਛਾਤੀ ਔਰਤ ਨੂੰ ਕਈ ਲੋਕਾਂ ਨੂੰ ਸਹੁੰ ਚੁਕਾਉਂਦੇ ਹੋਏ ਦੇਖਿਆ ਗਿਆ।

ਪਹਿਲਾਂ ਕੀ ਹੋਇਆ ਸੀ

ਦੱਸ ਦੇਈਏ ਕਿ ਦਿੱਲੀ ਵਿੱਚ ਕਥਿਤ ਤੌਰ ‘ਤੇ ਨਫ਼ਰਤ ਫੈਲਾਉਣ ਵਾਲੀ ਘਟਨਾ 19 ਦਸੰਬਰ ਨੂੰ ਗੋਵਿੰਦਪੁਰੀ ਮੈਟਰੋ ਸਟੇਸ਼ਨ ਨੇੜੇ ਬਨਾਰਸੀਦਾਸ ਚੰਦੀਵਾਲਾ ਆਡੀਟੋਰੀਅਮ ਵਿੱਚ ਵਾਪਰੀ ਸੀ। 24 ਦਸੰਬਰ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ।

ਉੱਤਰਾਖੰਡ ਦੇ ਤੀਰਥ ਨਗਰ ਹਰਿਦੁਆਰ ਵਿੱਚ 17 ਤੋਂ 19 ਦਸੰਬਰ ਤੱਕ ਹਿੰਦੂਤਵੀ ਆਗੂ ਯਤੀ ਨਰਸਿਮਹਾਨੰਦ ਵੱਲੋਂ 3 ਦਿਨਾਂ ਸੰਮੇਲਨ ਦਾ ਆਯੋਜਨ ਇਸ ਤੋਂ ਬਾਅਦ ਕੀਤਾ ਗਿਆ।

ਅਜਿਹੇ ਕਈ ਭਾਸ਼ਣਾਂ ਦੇ ਵੀਡੀਓ ਸਾਹਮਣੇ ਆਏ, ਜਿਨ੍ਹਾਂ ਵਿਚ ਹਾਜ਼ਰ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਮਾਰਨ ਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ‘ਤੇ ਹਮਲਾ ਕਰਨ ਲਈ ਉਕਸਾਇਆ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਆਨਲਾਈਨ ਉਪਲਬਧ ਕਰਵਾਇਆ ਗਿਆ।

ਆਪਣੀ ਟਿੱਪਣੀਆਂ ਲਈ ਆਲੋਚਨਾ ਦਾ ਸਾਹਮਣਾ ਕਰਦੇ ਹੋਏ ਯਤੀ ਨਰਸਿਮਹਾਨੰਦ ਨੇ 24 ਦਸੰਬਰ ਨੂੰ ਆਪਣੇ ਸਟੈਂਡ ਨੂੰ ਜਾਇਜ਼ ਠਹਿਰਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਤੇ ਘੱਟਗਿਣਤੀ ਭਾਈਚਾਰੇ ਅਤੇ ਮਹਾਤਮਾ ਗਾਂਧੀ ਬਾਰੇ ਕੁਝ ਹੋਰ ਜ਼ਹਿਰੀਲੀਆਂ ਟਿੱਪਣੀਆਂ ਕੀਤੀ ਸਨ।

ਇਸ ਦੌਰਾਨ ਸੁਪਰੀਮ ਕੋਰਟ ਦੇ 76 ਵਕੀਲਾਂ ਨੇ 26 ਦਸੰਬਰ ਨੂੰ ਭਾਰਤ ਦੇ ਚੀਫ਼ ਜਸਟਿਸ ਐੱਨ.ਵੀ. ਰਮਨਾ ਨੂੰ ਪੱਤਰ ਲਿਖ ਕੇ ਸੁਪਰੀਮ ਕੋਰਟ ਨੂੰ ਦਿੱਲੀ ਵਿੱਚ ਹਿੰਦੂ ਯੁਵਾ ਵਾਹਿਨੀ ਤੇ ਹਰਿਦੁਆਰ ਵਿੱਚ ਯਤੀ ਨਰਸਿਮਹਾਨੰਦ ਵੱਲੋਂ 2 ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਮੁਸਲਮਾਨਾਂ ਨੂੰ ਜੜ੍ਹੋਂ ਪੁੱਟਣ ਲਈ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਖੁੱਲ੍ਹੇ ਸੱਦੇ ‘ਤੇ ਐਕਸ਼ਨ ਲੈਣ ਲਈ ਕਿਹਾ ਗਿਆ ਸੀ।