ਭੁਵਨੇਸ਼ਵਰ | ਓਡਿਸ਼ਾ ‘ਚ ਮਾਲ ਗੱਡੀ ਦੇ ਕਰੀਬ 6 ਡੱਬੇ ਮੰਗਲਵਾਰ ਸਵੇਰੇ ਪਟੜੀ ਤੋਂ ਉਤਰ ਕੇ ਨਦੀ ‘ਚ ਡਿੱਗ ਗਏ। ਹਾਦਸੇ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ। ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਟ੍ਰੇਨ ਪੂਰਬੀ ਰੇਲਵੇ ਦੇ ਅੰਗੁਲ-ਤਲਚੇਰ ਮਾਰਗ ‘ਤੇ ਚੱਲ ਰਹੀ ਸੀ।

ਰੇਲਵੇ ਅਧਿਕਾਰੀਆਂ ਅਨੁਸਾਰ, ”ਮਾਲ ਗੱਡੀ ਪਟੜੀ ਤੋਂ ਉਤਰ ਗਈ ਅਤੇ ਨਦੀ ਵਿੱਚ ਜਾ ਡਿੱਗੀ। ਕਣਕ ਲਿਜਾ ਰਹੀ ਇਸ ਮਾਲ ਗੱਡੀ ਦੇ 6 ਡੱਬੇ ਤੜਕੇ 2.30 ਵਜੇ ਨਦੀ ਵਿੱਚ ਡਿੱਗ ਗਏ। ਹਾਲਾਂਕਿ ਇੰਜਣ ਅਜੇ ਵੀ ਟ੍ਰੈਕ ‘ਤੇ ਸੀ, ਲੋਕੋ ਪਾਇਲਟ ਅਤੇ ਹੋਰ ਸਟਾਫ ਨੇ ਟ੍ਰੇਨ ‘ਚੋਂ ਛਾਲ ਮਾਰ ਦਿੱਤੀ।”

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਬੰਗਾਲ ਦੀ ਖਾੜੀ ‘ਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਇਸ ਦੇ ਕਾਰਨ ਓਡਿਸ਼ਾ ਵਿੱਚ ਨੰਦੀਰਾ ਨਦੀ ਉਤੇ ਪੁਲ ਦੇ ਕਮਜ਼ੋਰ ਹੋਣ ਕਾਰਨ ਮਾਲ ਗੱਡੀਆਂ ਦੇ ਹਾਦਸੇ ਦੀ ਸੰਭਾਵਨਾ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਮਾਲ ਗੱਡੀ ਫਿਰੋਜ਼ਪੁਰ ਤੋਂ ਖੁਰਦਾ ਰੋਡ ਵੱਲ ਜਾ ਰਹੀ ਸੀ।