ਚੰਡੀਗੜ੍ਹ | ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਕਤਲ ਕੀਤੇ ਵਿਅਕਤੀ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗਾਂ ਦੇ ਮੁਖੀ ਨਿਹੰਗ ਅਮਨ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਹੈ।

ਸੰਗਰੂਰ ਜ਼ਿਲੇ ਦੀ ਤਹਿਸੀਲ ਧੂਰੀ ਦੇ ਪਿੰਡ ਬੱਬਨਪੁਰ ‘ਚ ਤਰਸਯੋਗ ਹਾਲਤ ‘ਚ ਰਹਿੰਦੇ ਅਮਨ ਸਿੰਘ ਦੇ ਮਾਪਿਆਂ (ਮਾਂ ਕੈਂਸਰ ਪੀੜਤ ਤੇ ਬਿਮਾਰ ਪਿਤਾ) ਨੇ ਦੱਸਿਆ ਕਿ ਉਸ ਨੂੰ 17 ਅਪ੍ਰੈਲ 2018 ਨੂੰ ਘਰੋਂ ਬੇਦਖਲ ਕਰ ਦਿੱਤਾ ਗਿਆ ਸੀ।

ਪਰਿਵਾਰ ਮੁਤਾਬਿਕ ਉਹ ਬਚਪਨ ਵਿੱਚ ਸਾਫ-ਸੁਥਰੇ ਚਾਲ-ਚਲਣ ਵਾਲਾ, ਪੜ੍ਹਾਈ ਵਿੱਚ ਰੁਚੀ ਨਹੀਂ ਰੱਖਦਾ ਸੀ ਤੇ ਕਬੱਡੀ ਦਾ ਖਿਡਾਰੀ ਸੀ। ਥੋੜ੍ਹਾ ਸਮਾਂ ਪਹਿਲਾਂ ਹੀ ਉਹ ਨਿਹੰਗਾਂ ਦੀ ਜਥੇਬੰਦੀ ਨਾਲ ਜੁੜ ਗਿਆ ਸੀ।

ਪਰਿਵਾਰ ਨੇ ਕਿਹਾ ਕਿ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਮੰਦਭਾਗੀ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸ ਦੀ ਆੜ ‘ਚ ਪੁਲਿਸ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਅਮਨ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਉਸ ਦਾ ਪਿੰਡ ਆਉਣਾ-ਜਾਣਾ ਹੈ। ਉਹ ਤਾਂ ਆਪ ਖੁਦ ਕਿਸੇ ਹੋਰ ਦੇ ਘਰ ਰਹਿ ਕੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ। ਪਰਿਵਾਰ ਨੇ ਡੀਜੀਪੀ ਪੰਜਾਬ ਤੋਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਦੀ ਮੰਗ ਕੀਤੀ ਹੈ।

ਗਾਂਜਾ ਬਰਾਮਦਗੀ ਮਾਮਲੇ ’ਚ ਨਿਹੰਗ ਅਮਨ ਸਿੰਘ ਖਿਲਾਫ ਕੇਸ

ਬਰਨਾਲਾ ਜ਼ਿਲੇ ਦੇ ਥਾਣਾ ਮਹਿਲ ਕਲਾਂ ਵਿਖੇ ਨਿਹੰਗ ਅਮਨ ਸਿੰਘ ਗਾਂਜਾ ਬਰਾਮਦਗੀ ਕੇਸ ਵਿੱਚ ਨਾਮਜ਼ਦ ਹੈ। ਇਸ ਕੇਸ ਵਿੱਚ ਪੁਲਿਸ ਚਲਾਨ ਪੇਸ਼ ਕਰੇਗੀ।