ਚੰਡੀਗੜ੍ਹ| ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ ਘੋਰ ਲਾਪਰਵਾਹੀ ਸਾਹਮਣੇ ਆਈ ਹੈ। 24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਦਾ ਪੇਪਰ ਲੀਕ ਹੋਣ ਤੋਂ ਬਾਅਦ ਬੋਰਡ ਨੇ 24 ਮਾਰਚ ਨੂੰ ਮੁੜ ਪ੍ਰੀਖਿਆ ਲਈ ਸੀ ਪਰ 24 ਫਰਵਰੀ ਦਾ ਪ੍ਰਸ਼ਨ ਪੱਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਦੇ ਪ੍ਰੀਖਿਆ ਕੇਂਦਰ ਵਿੱਚ ਫਿਰ ਵੰਡਿਆ ਗਿਆ। ਜਦੋਂ ਉੱਤਰ ਪੱਤਰੀਆਂ ਦੀ ਚੈਕਿੰਗ ਦੌਰਾਨ ਇਹ ਗਲਤੀ ਫੜੀ ਗਈ ਤਾਂ ਬੋਰਡ ਨੇ ਹਲਵਾਰਾ ਕੇਂਦਰ ਦੀ ਪ੍ਰੀਖਿਆ ਰੱਦ ਕਰਕੇ ਤੀਜੀ ਵਾਰ ਪੇਪਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

118 ਵਿਦਿਆਰਥੀਆਂ ਨੂੰ 18 ਮਈ ਨੂੰ ਤੀਜੀ ਵਾਰ ਪੇਪਰ ਦੇਣਾ ਹੋਵੇਗਾ। ਇਸ ਦੇ ਨਾਲ ਹੀ ਪ੍ਰੀਖਿਆ ਲਈ ਘੱਟ ਸਮਾਂ ਦਿੱਤੇ ਜਾਣ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਰੋਸ ਹੈ। ਬੋਰਡ ਦੇ ਹਲਵਾਰਾ ਪ੍ਰੀਖਿਆ ਕੇਂਦਰ ਦੇ ਕੰਟਰੋਲਰ ਪ੍ਰਿਤਪਾਲ ਸਿੰਘ ਦੀ ਇਸ ਗੰਭੀਰ ਅਣਗਹਿਲੀ ਦਾ ਖ਼ਮਿਆਜ਼ਾ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। 24 ਮਾਰਚ ਨੂੰ ਹੋਈ ਮੁੜ ਪ੍ਰੀਖਿਆ ਵਿੱਚ ਕੰਟਰੋਲਰ ਪ੍ਰੀਖਿਆਵਾਂ ਪ੍ਰਿਤਪਾਲ ਸਿੰਘ ਨੇ 22 ਫਰਵਰੀ ਨੂੰ ਲੀਕ ਹੋਏ ਪ੍ਰਸ਼ਨ ਪੱਤਰ ਦੀ ਵੰਡ ਕੀਤੀ। ਬੋਰਡ ਵੱਲੋਂ ਭੇਜੇ ਗਏ ਦੂਜੇ ਲਾਟ ਦੇ ਨਵੇਂ ਪ੍ਰਸ਼ਨ ਪੱਤਰ ਬੰਡਲ ਪੁਰਾਣੇ ਲੀਕ ਹੋਏ ਪ੍ਰਸ਼ਨ ਪੱਤਰਾਂ ਦੇ ਬੰਡਲਾਂ ਨਾਲ ਮਿਕਸ ਹੋ ਗਏ ਸਨ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਨੂੰ ਜਾਰੀ ਪੱਤਰ ਵਿੱਚ ਹੁਕਮ ਦਿੱਤਾ ਗਿਆ ਹੈ ਕਿ ਸਾਰੇ 118 ਪ੍ਰੀਖਿਆਰਥੀਆਂ ਨੂੰ ਭਗਵਾਨ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਪ੍ਰੀਖਿਆ ਕੇਂਦਰ ਨੰਬਰ 45461 ਵਿੱਚ ਮੁੜ ਹਾਜ਼ਰੀ ਭਰਨੀ ਪਵੇਗੀ। 18 ਮਈ ਜੇਕਰ ਕੋਈ ਉਮੀਦਵਾਰ ਪੇਪਰ ਦੇਣ ਲਈ ਨਹੀਂ ਆਉਂਦਾ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।