ਨੇਮਿੰਗ ਤੇ ਸ਼ੇਮਿੰਗ (Naming and Shaming)

0
7464

ਡਾ. ਪਰਮਜੀਤ ਚੁੰਬਰ
ਟਰੰਪ ਪਿਛਲੇ ਕੁਝ ਦਿਨਾਂ ਤੋਂ COVID -19 ਨੂੰ ਚਾਈਨਾ ਵਾਇਰਸ ਕਹਿਣ ਲੱਗ ਪਿਆ ਹੈ। ਉਸਦੇ ਇਨ੍ਹਾਂ ਨਫ਼ਰਤ ਭਰੇ ਬਿਆਨਾਂ ਕਰਕੇ ਚੀਨੀਆਂ ਤੇ ਉਨ੍ਹਾਂ ਨਾਲ ਰਲਦੇ ਮਿਲਦੇ ਲੋਕਾਂ ਤੇ ਹਮਲੇ ਵਧ ਗਏ ਹਨ. ਭਾਰਤ ਵਿੱਚ ਵੀ ਲੋਕ ਉੱਤਰ ਪੂਰਬੀ ਰਾਜਾਂ ਦੇ ਲੋਕਾਂ ਨਾਲ ਵਿਤਕਰਾ ਕਰਨ ਲੱਗ ਪਏ ਹਨ. ਇਹ ਬਹੁਤ ਵੀ ਭਿਆਨਕ ਰੁਝਾਨ ਹੈ। ਕਿਸੇ ਇੱਕ ਖਿੱਤੇ ਦੇ ਲੋਕਾਂ ਨਾਲ ਕਿਸੇ ਬਿਮਾਰੀ ਨੂੰ ਜੋੜਨਾ ਸਰਾਸਰ ਗ਼ਲਤ ਤੇ ਫਿਰਕੂ ਸੋਚ ਹੈ। ਇਤਿਹਾਸ ਵਿੱਚ ਜਾਈਏ ਤਾਂ ਸਪੇਨ ਦਾ ਫਲੂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। 1914 ਵਿੱਚ ਅਮਰੀਕਾ ਦੇ ਕੈਨਸਾਸ ਸੂਬੇ ਤੋਂ ਫਲੂ ਸ਼ੁਰੂ ਹੋਇਆ ਤੇ ਪੂਰੀ ਦੁਨੀਆ ਵਿੱਚ ਫੈਲ ਗਿਆ. ਪਰ ਪਹਿਲੀ ਵਿਸ਼ਵ ਜੰਗ ਵਿੱਚ ਸਪੇਨ ਇੱਕੋ ਇੱਕ ਨਿਰਪੱਖ ਦੇਸ਼ ਸੀ. ਸਪੇਨ ਨੇ ਫਲੂ ਦਾ ਸਿਰਫ਼ ਸਰਵੇ ਕੀਤਾ ਸੀ ਤੇ ਇਸ ਬਿਮਾਰੀ ਦੇ ਨਾਲ ਸਪੈਨਿਸ਼ ਫਲੂ ਐਸਾ ਜੁੜਿਆ ਕਿ ਹੁਣ ਤੱਕ ਨਹੀਂ ਲਹਿ ਸਕਿਆ। ਥੋੜੇ ਸਾਲ ਪਹਿਲਾਂ MERS (Middle Eastern Respiratory Syndrome ) ਨੂੰ ਮਿਡਲ ਈਸਟ ਨਾਲ ਜੋੜ ਦਿੱਤਾ ਗਿਆ. ਇਸੇ ਤਰਾਂ ਅਫ਼ਰੀਕਾ ਦੇ ਇੱਕ ਦਰਿਆ ਇਬੋਲਾ ਦੇ ਨਾਮ ਤੇ ਇਬੋਲਾ ਵਾਇਰਸ ਰੱਖ ਦਿੱਤਾ ਗਿਆ। ਪਿੱਛੇ ਜਿਹੇ ਆਏ ਜ਼ੀਕਾ ਵਾਇਰਸ ਦਾ ਨਾਮ ਯੁਗਾਂਡਾ ਦੇ ਜੰਗਲ ਜ਼ੀਕਾ ਤੇ ਰੱਖਿਆ ਗਿਆ. ਹੁਣ WHO ਦੀਆਂ ਖਾਸ ਹਦਾਇਤਾਂ ਹਨ ਕਿ ਕਿਸੇ ਵੀ ਖਿੱਤੇ ਜਾਂ ਦੇਸ਼ ਦੇ ਨਾਮ ਤੇ ਕਿਸੇ ਬਿਮਾਰੀ ਦਾ ਨਾਮ ਨਹੀਂ ਹੋਵੇਗਾ। ਕਾਰਨ ਇਹੀ ਹੈ ਕਿ ਉਸ ਇਲਾਕੇ ਜਾਂ ਦੇਸ਼ ਦੇ ਨਾਲ ਲੋਕਾਂ ਵਿੱਚ ਖਾਸ ਤਰਾਂ ਦੀ ਨਫਰਤ ਪੈਦਾ ਹੋ ਜਾਂਦੀ ਹੈ।

ਪਰ ਹੁਣ ਇੱਥੇ ਗੱਲ ਖਿੱਤੇ, ਦੇਸ਼ ਜਾਂ ਦਰਿਆ ਨਾਲ ਜੁੜੀ ਹੋਣ ਤੱਕ ਹੀ ਸੀਮਿਤ ਨਹੀਂ ਹੈ। ਅਸੀਂ ਤਾਂ ਉਸਤੋਂ ਵੀ ਅੱਗੇ ਵਧ ਗਏ ਹਾਂ। ਕੁਝ ਅਣਜਾਣ ਲੋਕਾਂ ਨੇ ਕਰੋਨਾ ਵਾਇਰਸ ਦੀ ਬਿਮਾਰੀ ਦਾ ਭਾਂਡਾ ਇੱਕ ਇਨਸਾਨ ਬਲਦੇਵ ਸਿੰਘ ਦੇ ਸਿਰ ਭੰਨ ਦਿੱਤਾ. ਸਪਸ਼ਟ ਕਰ ਦਿਆਂ ਕਿ ਬਲਦੇਵ ਸਿੰਘ ਦਾ ਪਿੰਡ ਸਾਡੇ ਇਲਾਕੇ ਵਿੱਚ ਆਉਂਦਾ ਹੈ ਤੇ ਕੋਰੋਨਾ ਦੇ ਵਧਦੇ ਕੇਸਾਂ ਦਾ ਮੈਨੂੰ ਵੀ ਉੱਨਾ ਹੀ ਫਿਕਰ ਹੈ ਜਿੰਨਾ ਕਿ ਬਾਕੀ ਸਾਰਿਆਂ ਨੂੰ ਹੈ। ਪਰ ਕੀ ਇੱਕ ਮਰ ਚੁੱਕੇ ਇਨਸਾਨ ਤੇ ਸਾਰਾ ਇਲਜ਼ਾਮ ਲਾ ਦੇਣਾ ਜ਼ਿਆਦਤੀ ਨਹੀਂ ਹੈ ? ਕੋਰੋਨਾ ਇੱਕ ਵਾਇਰਸ ਹੈ। 80% ਲੋਕਾਂ ਨੂੰ ਇਸਦੇ ਕੋਈ ਖ਼ਾਸ ਲੱਛਣ ਹੁੰਦੇ ਵੀ ਨਹੀਂ। ਖਬਰਾਂ ਮੁਤਾਬਿਕ ਬਲਦੇਵ ਸਿੰਘ 6 ਮਾਰਚ ਨੂੰ ਜਰਮਨੀ ਤੇ ਇਟਲੀ ਤੋਂ ਇੰਡੀਆ ਪਹੁੰਚਿਆ. 10 ਤੋਂ 12 ਮਾਰਚ ਤੱਕ ਹੋਲੇ ਮਹੱਲੇ ਤੇ ਗਿਆ. ਕੁਝ ਲੋਕ ਇਹ ਕਹਿ ਰਹੇ ਹਨ ਕਿ ਜਲੰਧਰ ਦੇ ਪਟੇਲ ਹਸਪਤਾਲ ਉਸਦਾ ਟੈਸਟ ਕੀਤਾ ਗਿਆ ਸੀ. ਉਦੋਂ ਤੱਕ ਪੰਜਾਬ ਵਿੱਚ ਕਿੰਨੇ ਕੁ ਟੈਸਟ ਹੋ ਰਹੇ ਸੀ ? ਲੋਕ ਤਾਂ ਟਿੱਚਰਾਂ ਕਰ ਰਹੇ ਸੀ. ਵੈਸੇ ਵੀ ਪ੍ਰਾਈਵੇਟ ਹਸਪਤਾਲ ਕਿਥੋਂ ਟੈਸਟ ਕਿੱਟਾਂ ਲੈ ਆਏ? ਚਲੋ ਮੰਨ ਲਓ ਕਿ ਟੈਸਟ ਕੀਤਾ ਵੀ ਗਿਆ. ਘੱਟੋ ਘੱਟ ਹਫਤਾ ਤਾਂ ਰਿਪੋਰਟ ਆਉਣ ਨੂੰ ਅਮਰੀਕਾ ਵਿੱਚ ਲੱਗ ਰਿਹਾ। ਮੇਰੇ ਤਿੰਨ ਮਰੀਜ਼ਾਂ ਦਾ ਟੈਸਟ ਹੋ ਚੁੱਕਾ ਹੈ ਤੇ ਸਾਨੂੰ ਕਿਹਾ ਗਿਆ ਹੈ ਕਿ ਘੱਟੋ ਘੱਟ 2 ਹਫਤੇ ਰਿਪੋਰਟ ਆਉਣ ਨੂੰ ਲੱਗਣਗੇ। ਇਹ ਅੱਜ ਦੀ ਗੱਲ ਹੈ। ਚਲੋ ਇਹ ਵੀ ਮੰਨ ਲਈਏ ਕਿ ਕਿਸੇ ਚਮਤਕਾਰ ਕਰਕੇ ਉਸਦੀ ਝਟਕੇ ਪਟਕੇ ਵਿੱਚ ਰਿਪੋਰਟ ਆ ਗਈ ਹੋਊ। ਕਰੋਨਾ ਇੱਕ Reportable disease ਹੈ।

ਅਗਰ ਮੇਰੇ ਕਿਸੇ ਮਰੀਜ਼ ਨੂੰ ਪੌਜੇਟਿਵ ਟੈਸਟ ਨਿਕਲਦਾ ਹੈ ਤਾਂ ਡਾਕਟਰ ਹੋਣ ਕਰਕੇ ਇਹ ਮੇਰੀ ਜੁੰਮੇਵਾਰੀ ਹੈ ਕਿ ਮੈਂ ਉਸੇ ਵਕਤ ਉਸਦੀ ਰਿਪੋਰਟ ਕਰਾਂ ਤੇ ਉਸਨੂੰ Quarantine ਵਿੱਚ ਭੇਜਾਂ। ਪਟੇਲ ਹਸਪਤਾਲ ਵਾਲੇ ਡਾਕਟਰਾਂ ਨੇ ਆਪਣਾ ਇਹ ਫਰਜ਼ ਕਿਓਂ ਨਹੀਂ ਨਿਭਾਇਆ ? ਇਸ ਸਾਰੇ ਘਟਨਾਕ੍ਰਮ ਤੋਂ ਇਹੀ ਸਿੱਟਾ ਨਿੱਕਲਦਾ ਹੈ ਕਿ ਬਲਦੇਵ ਸਿੰਘ ਨੂੰ ਕਰੋਨਾ ਹੋਣ ਦਾ ਕੋਈ ਇਲਮ ਹੀ ਨਹੀਂ ਸੀ. ਉਸਨੂੰ ਸ਼ੂਗਰ ਤੇ ਦਿਲ ਦੀ ਬਿਮਾਰੀ ਸੀ। ਹਰਟ ਅਟੈਕ ਹੋਣ ਨਾਲ ਬੰਗੇ ਹਸਪਤਾਲ ਉਸਦੀ ਮੌਤ ਹੋ ਗਈ. ਡਾਕਟਰ ਨੇ ਵੀ ਉਸਦੀ ਮੌਤ ਤੋਂ ਬਾਦ ਵਿੱਚ ਉਸਦੇ ਘਰਦਿਆਂ ਤੋਂ ਟ੍ਰੈਵਲ ਹਿਸਟਰੀ ਪੁੱਛੀ ਤਾਂ ਸ਼ੱਕ ਦੇ ਆਧਾਰ ਤੇ ਕੋਰੋਨਾ ਟੈਸਟ ਕੀਤਾ ਜੋ ਕਿ ਪੌਜੇਟਿਵ ਆ ਗਿਆ। ਅਗਰ ਉਹ ਵਾਕਿਆ ਈ ਸੀਰੀਅਸ ਹਾਲਤ ਵਿੱਚ ਹੁੰਦਾ ਤਾਂ ਹੋਲੇ ਮੁਹੱਲੇ ਤੇ ਬਾਕੀ ਸਾਰੇ ਰਿਸ਼ਤੇਦਾਰਾਂ ਦੇ ਕਿਸ ਤਰ੍ਹਾਂ ਘੁੰਮਦਾ ਰਿਹਾ ? ਸੀਰੀਅਸ ਹਾਲਤ ਵਾਲੇ ਲੋਕ ਤਾਂ ਅਕਸਰ ਵੈਂਟੀਲੇਟਰਾਂ ਤੇ ਹਨ. ਵੈਸੇ ਵੀ ਅੱਜ ਤੋਂ 2 ਕੁ ਹਫਤੇ ਪਹਿਲਾਂ ਭਾਰਤ ਦੇ 99% ਲੋਕ ਇਸਨੂੰ ਗੰਭੀਰਤਾ ਨਾਲ ਲੈ ਹੀ ਨਹੀਂ ਸੀ ਰਹੇ ਤੇ ਚੁਟਕਲੇ ਬਣਾ ਰਹੇ ਸੀ। ਮੇਰੀਆਂ ਪੁਰਾਣੀਆਂ ਪੋਸਟਾਂ ਹੀ ਦੇਖ ਲਓ। ਸੋ ਆਓ ਥੋੜਾ ਆਪਣੇ ਅੰਦਰ ਝਾਕੀਏ ਤੇ ਸੋਚੀਏ ਕਿ ਕਿਸੇ ਮਰ ਚੁੱਕੇ ਇਨਸਾਨ ਦੀ ਮਿੱਟੀ ਪਲੀਤ ਕਰਨੀ ਕਿੰਨੀ ਕੁ ਬਹਾਦਰੀ ਹੈ ? ਇਹ ਸੰਵੇਦਨਹੀਣਤਾ ਦੀ ਇੰਤਹਾ ਹੈ।

ਜ਼ਰਾ ਸੋਚੋ ਕਿ ਉਹ ਸਾਡਾ ਬਾਪ, ਦਾਦਾ, ਚਾਚਾ, ਤਾਇਆ, ਨਾਨਾ ਕੋਈ ਵੀ ਹੋ ਸਕਦਾ ਸੀ ਤੇ ਸ਼ਾਇਦ ਉਹਨਾਂ ਦਿਨਾਂ ਵਿੱਚ ਉਹੀ ਕੁਝ ਕਰਦਾ ਜੋ ਬਲਦੇਵ ਸਿੰਘ ਨੇ ਕੀਤਾ। ਨਾ ਤਾਂ ਕਿਸੇ ਨੂੰ ਚੰਗੀ ਤਰ੍ਹਾਂ ਜਾਣਕਾਰੀ ਸੀ ਤੇ ਨਾ ਹੀ ਅਜੇ ਹਰ ਕਿਸੇ ਦਾ ਫਟਾਫਟ ਟੈਸਟ ਹੋ ਰਿਹਾ ਸੀ. ਅੱਜ ਕੇਸਾਂ ਦੀ ਲੱਖਾਂ ਵਿੱਚ ਗਿਣਤੀ ਤੇ ਮੌਤਾਂ ਨੇ ਸਾਨੂੰ ਸਾਰਿਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ ਤੇ ਅਸੀਂ ਅਚਾਨਕ ਹੀ ਸਾਇੰਸਦਾਨ ਬਣ ਗਏ ਹਾਂ. ਸਾਨੂੰ ਕੋਈ ਨਾ ਕੋਈ ਬਲੀ ਦਾ ਬੱਕਰਾ ਚਾਹੀਦਾ ਸੀ ਜੋ ਬਲਦੇਵ ਸਿੰਘ ਦੇ ਰੂਪ ਵਿੱਚ ਮਿਲ ਗਿਆ.
ਆਮੀਨ !
(ਲੇਖਕ ਅਮਰੀਕਾ ਵਿਚ ਡਾਕਟਰ ਹਨ ਤੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦਾ ਇਲਾਜ ਕਰ ਰਹੇ ਹਨ।)

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।