ਮੇਰੀ ਡਾਇਰੀ ਦਾ ਇਕ ਪੰਨਾ – ਮੇਰੇ ਨਾਨਕੇ

0
1460

-ਸਿਮਰ ਕੌਰ

ਮਾੜੇ ਸਕੂਲ ਦੀ ਆਮ ਜਿਹੀ ਜਮਾਤ ਜਿੱਡਾ ਇਕੱਠ ਸਾਡੇ ਨਾਨਕਿਆਂ ਦੇ ਘਰੇ ਗਰਮੀਆਂ ਦੀਆਂ ਛੁੱਟੀਆਂ ਵਿਚ ਆਮ ਦੇਖਣ ਨੂੰ ਮਿਲਦਾ ਰਿਹਾ ਹੈ। ਘਰ ਭਰਿਆ-ਭਰਿਆ ਲੱਗਣਾ। ਸਾਰਾ ਦਿਨ ਇੱਕ ਵਿਹੜੇ ਤੋਂ ਦੂਜੇ ਵਿਹੜੇ ਵੱਲ ਹਰਲ-ਹਰਲ ਕਰਦੇ ਫਿਰੀ ਜਾਣਾ। ਦੁਪਿਹਰ ਨੂੰ ਜਿੱਥੇ ਟੱਬਰ ਨੇ ਸੌਂ ਜਾਣਾ ਸਾਨੂੰ ਕਈ ਪੁੱਠੇ ਕੰਮ ਥਿਆਉਣੇ। ਇੱਕ ਕੰਧ ਟੱਪ ,ਦੂਜੀ ਟੱਪ। ਇੱਕ ਕੋਠੇ ਤੋਂ ਛਾਲ ਮਾਰ ਕੇ ਦੂਜੇ ਕੋਠੇ ਉੱਤੇ ਪਹੁੰਚਣਾ ਸਾਡੀ ਰੋਜ਼ਾਨਾ ਦੀ ਦੁਪਹਿਰ ਦੀ ਰੁਟੀਨ ਸੀ। ਸਾਈਕਲ ਲੈ ਕੇ ਨਵੀਆਂ ਬਣੀਆ ਕਲੋਨੀਆਂ ਦੇ ਅੰਨ੍ਹੇਵਾਹ ਚੱਕਰ ਕੱਟੀ ਜਾਣੇ। ਨਵੇਂ ਜੰਮੇ ਕੁੱਤੇ, ਜਾਨ ਤੇ ਖੇਡ ਕੇ ਚੁੱਕ ਲਿਆਉਣੇ ਤੇ ਸ਼ਾਮ ਨੂੰ ਮੁੜ ਵਾਪਸ ਓਸੇ ਥਾਂ ਛੱਡ ਕੇ ਆਉਣੇ। ਸਾਡੇ ਜਵਾਕਾਂ ਦੇ ਇਕੱਠ ਵਿਚ ਸਭ ਤੋਂ ਵੱਡੇ ਮੈਂਬਰ ਤੋਂ ਲੈ ਕੇ ਸਭ ਤੋਂ ਨਿੱਕੇ ਮੈਂਬਰ ਤੱਕ ,ਕਿਸੇ ਕੋਲੋ ਵੀ ਸੁੱਘੜ ਸਿਆਣੇ ਕੰਮ ਦੀ ਹਰ ਤਰ੍ਹਾਂ ਦੀ ਉਮੀਦ ਘਰਦੇ ਤੇ ਰਿਸ਼ਤੇਦਾਰ ਲਾਹ ਚੁੱਕੇ ਸਨ। ਸੁੱਖ ਨਾਲ ਇੰਨਾ ਇਕੱਠ ਹੁੰਦਾ ਸੀ, ਮਾਮੇ, ਭੂਆ, ਮਾਸੀਆਂ,ਭਤੀਜੇ, ਭਤੀਜਿਆਂ ਦਾ ਕਿ ਮਾਮੀਆਂ ਸਾਡੀਆਂ ਨੂੰ ਰੋਟੀ ਖਵਾਉਣ ਵੇਲੇ ਚਟਾਈਆਂ ਵਿਛਾ ਕੇ ਲੰਗਰ ਵਰਤਾਉਣਾ ਪੈਂਦਾ ਹੁੰਦਾ ਸੀ। ਚੁਟਕਲੇ ਸੁਣਾਉਣ ਦਾ ਬਹੁਤ ਰਿਵਾਜ਼ ਹੁੰਦਾ ਸੀ ਓਦੋਂ। ਅਸੀਂ ਸਾਡੇ ਵਿਚ ਸਭ ਤੋਂ ਨਿੱਕੇ ਮਾਮੇ ਦੇ ਮੁੰਡੇ ਨੂੰ ਊਂ ਹੀ ਖੜ੍ਹਾ ਕੇ ਪੁਰਾਣੇ ਘਸੇ ਹਾਥੀ ਕੀੜੀ ਵਾਲੇ ਚੁਟਕਲੇ ਸੁਣੀ ਜਾਣੇ ਤੇ ਦੰਦ ਕੱਢਦੇ ਰਹਿਣਾ। ਮਾਸੀ ਦਾ ਘਰ ਵੀ ਕਿੱਲੋ ਕੁ ਮੀਟਰ ਦੀ ਦੂਰੀ ਤੇ ਸੀ ਮਾਮਿਆਂ ਦੇ ਘਰ ਤੋਂ। ਰਸਤੇ ਵਿਚ ਮੜ੍ਹੀਆਂ ਪੈਂਦੀਆਂ ਹੁੰਦੀਆ ਸੀ। ਅਸੀਂ ਸਾਰਿਆਂ ਨੇ ਦਿਨ ਢਲੇ ਟੋਲਾ ਬਣਾ ਕੇ ਮਾਸੀ ਦੇ ਘਰ ਨੂੰ ਤੁਰ ਪੈਣਾ। ਖਾ ਪੀ ਕੇ ਟੇਪ ਉੱਚੀ ਆਵਾਜ਼ ਵਿਚ ਲਾ ਕੇ ,ਸ਼ੁਗਲ ਮੇਲਾ ਕਰਨਾ। ਜਿਵੇਂ ਰਾਤ ਪੈਣੀ ਤੇ ਮਾਸੀ ਦੇ ਮੁੰਡੇ ਨੂੰ ਕਹਿਣਾ ਚੱਲ ਘਰੇ ਛੱਡ ਆ ਸਾਨੂੰ ਮਾਮਿਆਂ ਦੇ ਤੁਰ ਕੇ ਕਿਓਂਕਿ ਰਸਤੇ ਵਿਚ ਮੜ੍ਹੀਆਂ ਪੈਂਦੀਆਂ ਸਨ। ਓਹਨੇ ਵੀ ਆਪ ਸਾਨੂੰ ਅੱਗੇ ਤੋਰ ਲੈਣਾ ਤੇ ਪਿੱਛੇ ਆਪ ਤੁਰ ਪੈਣਾ। ਜਿੱਥੇ ਜਾ ਕੇ ਮੜ੍ਹੀਆਂ ਦਾ ਗੇਟ ਆਉਣਾ ਜ਼ੋਰ-ਜ਼ੋਰ ਦੀ ਡਰਾਵਣੀ ਆਵਾਜ਼ ਕੱਢ ਕੇ ਆਪ ਇਹਨੇ ਪਿੱਛੇ ਪਿੰਡ ਨੂੰ ਨੱਠ ਜਾਣਾ ਤੇ ਅਸੀਂ ੧੦੦ ਦੀ ਸਪੀਡ ਤੇ ਮਾਮੇ ਦੇ ਘਰ ਵਾਲੇ ਦਰਵਾਜ਼ੇ ਤੇ ਆ ਠਾਹ ਠਾਹ ਵੱਜਣਾ। ਸੌਣ ਦੀ ਵਾਰੀ ਆਉਣੀ ਤੇ ਇੱਕੋ ਕਮਰੇ ਜਾਂ ਲਾਬੀ ਵਿੱਚ ਲਾਈਨ ਲਾ ਕੇ ਬਿਸਤਰੇ ਲਾ ਲੈਣੇ। ਫਿਰ ਓਨੀ ਦੇਰ ਖਿਚਰ ਭਿਚਰ ਕਰਦੇ ਰਹਿਣਾ ਜਦੋਂ ਤੱਕ ਘਰਦਿਆਂ ਨੇ ਇੱਕ ਦੋ ਜਾਣੇ ਆ ਕੇ ਸੇਕ ਨਾ ਦੇਣੇ।ਇੱਕ ਦੇ ਵੀ ਲਫੇੜਾ ਵੱਜਣਾ ਬਾਕੀਆਂ ਨੇ ਚਾਦਰਾਂ ਚ ਮੂੰਹ ਦੇ ਦੇ ਹੱਸਣਾ।

ਵਿਆਹ ਸ਼ਾਦੀਆਂ ਤੇ ਬਹੁਤ ਰੌਣਕ ਮੇਲਾ ਕਰਨਾ। ਜਾਗੋ ਦੀ ਟੀਮ ਸੁੱਖ ਨਾਲ ਘਰ ਦੀ ਹੀ ਬਣ ਜਾਣੀ। ਬੋਲੀਆਂ ਪਾ ਪਾਂ ਇੱਕ ਦੂਜੇ ਤੇ ਤਵੇ ਲਾਉਣੇ। ਘਰਦਿਆਂ ਨੂੰ ਕਹਿਣਾ ਖਾਣ ਪੀਣ ਨੂੰ ਕੁਝ ਨਾ ਦਿਓ ਭਾਵੇਂ ਡੀ ਜੇ ਪਰ ੨-੩ ਦਿਨ ਚੱਲ ਲੈਣ ਦਿਓ।ਇੱਕ ਵਾਰੀ ਮਾਮੇ ਹੁਣਾ ਨੂੰ ਕਿਸੇ ਦੇ ਵਿਆਹ ਦਾ ਸੱਦਾ ਆਇਆ। ਮਾਮੀ ਸਾਡੀ ਕਹੇ ੨-੩ ਜਾਣੇ ਨਾਲ ਆਜੋ ਵਿਆਹ ਵੇਖ ਆਓ। ਅਸੀ ਟੋਲੇ ਦਾ ਟੋਲਾ ਤਿਆਰ ਹੋਗਿਆ। ਮਾਮੀ ਗਾਲਾਂ ਦੇ ਦੇ ਕਹੇ ਮੈਂ ਨਈ ਇੰਨਾ ਟੱਬਰ ਨਾਲ ਲੈਕੇ ਜਾਣਾ। ਅਸੀ ਧੱਕੇ ਨਾਲ ਸਾਰੇ ਪੈਲੇਸ ਚਲਗੇ। ਡਾਰ ਦੀ ਡਾਰ ਇੱਕ ਸਟਾਲ ਤੋਂ ਦੂਜੇ ਸਟਾਲ ਵੱਲ ਧਾਵਾ ਬੋਲ ਦਿਆ ਕਰੀਏ। ਜਿੱਥੇ ਕਿਤੇ ਮਾਮੀ ਲੱਭੇ ਅਸੀ ਉੱਚੀ ਉੱਚੀ ਮਾਮੀ, ਚਾਚੀ, ਮਾਸੀ ਕਹਿ ਕਹਿ ਹਾਕਾਂ ਮਾਰਿਆ ਕਰੀਏ। ਮਾਮੀ ਸਾਡੀ ਸ਼ੁਗਲੀ ਸੀ, ਕਹੇ ਮਾਰ ਮਾਰ ਪਾਸੇ ਸੇਕ ਦਉਂ ਜੇਕਰ ਮੁੜ ਮੈਨੂੰ ਮਾਮੀ ਕਹਿ ਕਹਿ ਆਵਾਜ਼ਾਂ ਮਾਰੀਆਂ ਤੇ। ਨਾਲੇ ਚੌਣੇ ਦਾ ਚੌਣਾ ਇਕੱਠੇ ਨਾ ਮਰੋ, ਵੱਖੋ ਵੱਖਰੇ ਹੋ ਹੋ ਘੁੰਮੋ। ਅਸੀਂ ਥੋੜੀ ਦੇਰ ਬਾਅਦ ਮਾਮੀ ਜਿੱਥੇ ਵੀ ਟੱਕਰੇ ਉੱਚੀ ਜਹੀ ਕਹਿ ਦਈਏ,” ਦੀਦੀ ਆਜੋ ਫਰੂਟ ਚਾਟ ਖਾਈਏ।” ਨਾਲੇ ਅੱਗਿਓਂ ਮਾਮੀਂ ਹਾਸਾ ਹੱਸਦੀ ਘੂਰੀਆਂ ਕੱਢਦੀ ਰਹੀ ਸਾਰੇ ਵਿਆਹ ਚ।ਹੁਣ ਤੱਕ ਜਦੋਂ ਕਿਤੇ ਵੀ ਇਕੱਠੇ ਹੋਈਏ ਮਾਮੀ ਨੂੰ ਅਸੀਂ ਦੀਦੀ ਕਹਿ ਕੇ ਆਵਾਜ਼ ਮਾਰੀਦੀ। ਬਾਅਦ ਚ ਕਈ ਸਾਲਾਂ ਬਾਅਦ, ਸਾਡੇ ਵਿੱਚੋਂ ਇੱਕ ਮਾਮੇ ਦੀ ਕੁੜੀ ਦਾ ਜਿਹਨਾਂ ਦੀ ਕੁੜੀ ਦੇ ਵਿਆਹ ਗਏ ਸੀ ,ਓਹਨਾ ਦੇ ਮੁੰਡੇ ਨਾਲ ਵਿਆਹ ਹੋਗਿਆ। ਬਾਅਦ ਚ ਪੁਰਾਣੇ ਵਿਆਹ ਦੀ ਵੀਡੀਉ ਵੇਖ ਵੇਖ ਕੇ ਟੱਬਰ ਹੱਸਦਾ ਰਿਹਾ।

ਹੌਲੀ ਹੌਲੀ ਇੱਕ ਇੱਕ ਕਰਕੇ ਸਭ ਥਾਈਂ ਥਾਈਂ ਸੈੱਟ ਹੋਗੇ। ਹੁਣ ਮੈਨੂੰ ਤੇ ਦੋ ਮਾਮੇ ਦੀਆਂ ਕੁੜੀਆਂ ਤੋਂ ਛੁੱਟ ਬਾਕੀ ਸਭ ਪਰਦੇਸਾਂ ਚ ਡੇਰੇ ਲਾਈ ਬੈਠੇ ਨੇ। ਓਹੀ ਨਾਨਕੇ ਜਿੱਥੋਂ ਮਾਤਾ ਸਾਡੀ ਮਹੀਨੇ ਬਾਅਦ ਵੀ ਸਾਨੂੰ ਲਫੇੜੇ ਲਾ ਲਾ ਕੇ ਘਰ ਨੂੰ ਵਾਪਿਸ ਲਿਆਉਂਦੀ ਹੁੰਦੀ ਸੀ, ਉੱਥੇ ਰੌਣਕ ਨਾ ਹੋਣ ਕਰਕੇ ਜਾਣ ਨੂੰ ਜੀਅ ਨਈ ਕਰਦਾ। ਜਾਓ ਤੇ ਪਿਛਲਾ ਲੰਘਿਆ ਵਕਤ ਦਿਲ ਨੂੰ ਡੋਬੇ ਦਿੰਦਾ ਰਹਿੰਦਾ ਹੈ।

“ਕਿਤਨਾ ਮਕਬੂਲ ਥਾ ਵੁਹ ਸ਼ਹਿਰ ਮੇਰੇ ਬਚਪਨ ਮੇਂ ,
ਜਵਾਂ ਹੋਤੇ ਹੀ ਵੀਰਾਨੀ ਕੀ ਦਾਸਤਾਂ ਬਨ ਗਯਾ।”