ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ | ਫਰੀਦਕੋਟ ‘ਚ ਸ਼ੋਕ ਸਭਾ ਤੋਂ ਵਾਪਸ ਆ ਰਹੀ ਇਕ ਕਰੂਜ਼ਰ ਗੱਡੀ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ ਪਲਟ ਗਈ। ਹਾਦਸੇ ‘ਚ ਕਾਰ ਸਵਾਰ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 10 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਹਾਦਸਾ ਸੋਮਵਾਰ ਦੇਰ ਰਾਤ ਮਲੋਟ ਦੇ ਪਿੰਡ ਬਾਮ ਨੇੜੇ ਵਾਪਰਿਆ। ਜ਼ਖ਼ਮੀਆਂ ‘ਚੋਂ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਰਫਤਾਰ 100 ਦੇ ਕਰੀਬ ਸੀ ਜੋ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।

ਜਾਣਕਾਰੀ ਅਨੁਸਾਰ ਅਬੋਹਰ ਦੀ ਰੇਗਰ ਬਸਤੀ ਦੇ ਵਸਨੀਕ ਧਰਮ ਚੰਦ, ਪ੍ਰੇਮ, ਵੀਨਾ, ਸੁਨੀਤਾ, ਬਿਮਲਾ, ਵਿਨੋਦ, ਰਵੀ, ਸਤਪਾਲ, ਸੁਰਿੰਦਰ ਅਤੇ ਪੱਪੂ ਇਕ ਸ਼ੋਕ ਸਭਾ ਵਿਚ ਸ਼ਾਮਲ ਹੋਣ ਲਈ ਅਬੋਹਰ ਤੋਂ ਫਰੀਦਕੋਟ ਗਏ ਹੋਏ ਸਨ। ਇਹ ਸਾਰੇ ਅਬੋਹਰ ਤੋਂ ਕਿਰਾਏ ‘ਤੇ ਕਰੂਜ਼ਰ ਗੱਡੀ ਬੁੱਕ ਕਰਵਾ ਕੇ ਗਏ ਸਨ ਤੇ ਉਸੇ ‘ਚ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਰਾਤ ਨੂੰ ਮਲੋਟ ਦੇ ਪਿੰਡ ਬਾਮ ਨੇੜੇ ਪੁੱਜੀ ਤਾਂ ਅਚਾਨਕ ਕਾਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ।

ਹਾਦਸੇ ‘ਚ ਅਬੋਹਰ ਦੇ ਰਹਿਣ ਵਾਲੇ ਧਰਮ ਚੰਦ (52) ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਉਣ ਦੀ ਬਜਾਏ ਸਿੱਧਾ ਅਬੋਹਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਪ੍ਰੇਮ, ਵੀਨਾ, ਸੁਨੀਤਾ ਤੇ ਬਿਮਲਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀ ਜ਼ਖਮੀ ਅਬੋਹਰ ਦੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹਨ।