ਲੰਬੀ : ਲੰਬੀ ਤੋਂ ਮਲੋਟ ਮੇਨ ਹਾਈਵੇ ’ਤੇ ਤੇਜ਼ ਰਫ਼ਤਾਰ ਕੰਬਾਈਨ ਨੇ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ ਜਿਸ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਤੇ ਮੌਕੇ ’ਤੇ ਮੌਤ ਹੋ ਗਈ। ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਥਾਣਾ ਲੰਬੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਗੁਰਪ੍ਰੀਤ ਸਿੰਘ ਵਾਸੀ ਡੱਬਵਾਲੀ ਢਾਬ ਨੇ ਦੱਸਿਆ ਕਿ ਉਸ ਦਾ ਭਰਾ ਹਰਮੀਤ ਸਿੰਘ ਐੱਚਡੀਐੱਫਸੀ ਬੈਂਕ ਬਾਦਲ ਬਰਾਂਚ ਵਿਖੇ ਨੌਕਰੀ ਕਰਦਾ ਸੀ, ਜੋ 4 ਨਵੰਬਰ ਨੂੰ ਸਵੇਰੇ ਮੋਟਰਸਾਈਕਲ ’ਤੇ ਘਰੋਂ ਡਿਊਟੀ ’ਤੇ ਬਾਦਲ ਗਿਆ ਸੀ ਤੇ ਡਿਊਟੀ ਖ਼ਤਮ ਹੋਣ ਤੋਂ ਬਾਅਦ ਮਲੋਟ ਆ ਰਿਹਾ ਸੀ ਤਾਂ ਰਸਤੇ ’ਚ ਉਹ ਲੰਬੀ ਵਿਖੇ ਉਸ ਨੂੰ ਮਿਲ ਗਿਆ।

ਉਸ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ ਮੋਟਰਸਾਈਕਲ ’ਤੇ ਤੇ ਉਹ ਆਪਣੇ ਮੋਟਰਸਾਈਕਲ ’ਤੇ ਉਸ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਜਦ ਪੱਕੀਆਂ ਨਹਿਰਾਂ ਹੋਟਲ ਕੋਲ ਪੁੱਜੇ ਤਾਂ ਸਾਹਮਣਿਓਂ ਤੇਜ਼ ਰਫ਼ਤਾਰ ਕੰਬਾਈਨ ਜੋ ਗ਼ਲਤ ਸਾਈਡ ਤੋਂ ਸਮੇਤ ਕਟਰ ਆ ਰਹੀ ਸੀ, ਨੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਭਰਾ ਦਾ ਮੋਟਰਸਾਈਕਲ ਕੰਬਾਈਨ ਦੇ ਹੇਠਾਂ ਵੜ ਗਿਆ।

ਇਸੇ ਦੌਰਾਨ ਕਟਰ ਦੇ ਬਲੇਡਾਂ ਨਾਲ ਉਸ ਦੇ ਭਰਾ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਅਤੇ ਦੂਰ ਜਾ ਡਿੱਗਾ। ਕੰਬਾਈਨ ਡਰਾਈਵਰ ਮੌਕੇ ’ਤੇ ਕੰਬਾਈਨ ਛੱਡ ਕੇ ਭੱਜ ਗਿਆ। ਉਸ ਨੇ ਦੱਸਿਆ ਕਿ ਬਾਅਦ ਵਿਚ ਪਤਾ ਲੱਗਾ ਹੈ ਕਿ ਕੰਬਾਈਨ ਦਾ ਡਰਾਈਵਰ ਗੁਰਤੇਜ ਸਿੰਘ ਤੇਜੀ ਪੁੱਤਰ ਜੱਗਾ ਸਿੰਘ ਵਾਸੀ ਕੋਟ ਗੁਰੂਕੇ ਪੀਐੱਸ ਸੰਗਤ ਜ਼ਿਲ੍ਹਾ ਬਠਿੰਡਾ ਸੀ ਤੇ ਉਸ ਦੇ ਨਾਲ ਕੰਬਾਈਨ ਦਾ ਮਾਲਕ ਲਖਵੀਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਚੰਨੂੰ ਸੀ।