ਮੁਕੇਰੀਆਂ 4 ਅਪ੍ਰੈਲ। ਟੁੱਟੀਆਂ ਸੜਕਾਂ ਦੇ ਰੋਸ ਵਜ੍ਹੋਂ 11 ਅਪ੍ਰੈਲ ਨੂੰ ਐੱਸ.ਡੀ.ਐੱਮ.ਦਫਤਰ ਬਾਹਰ ਧਰਨੇ ਦਾ ਐਲਾਨ
ਹਜਾਰਾਂ ਦੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਪੁੱਜੇ ਹਲਕੇ ਦੇ ਲੋਕਾਂ ਵੱਲੋਂ ਸੰਘਰਸ਼ ਦਾ ਅਹਿਦ
ਮੁਕੇਰੀਆ। ਸਿੱਖ ਪੰਥ ਦੇ ਮਹਾਨ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਗਲਤ ਤਰੀਕੇ ਨਾਲ ਹਟਾਉਣ ਦੇ ਰੋਸ ਵਜ੍ਹੋਂ ਅਕਾਲੀ ਦਲ ਦੇ ਅਹੁੱਦਿਆਂ ਤੋਂ ਪਿਛਲੇ ਦਿਨੀਂ ਅਸਤੀਫਾ ਦੇਣ ਵਾਲੇ ਮੁਕੇਰੀਆ ਹਲਕੇ ਦੇ ਸਿਰਕੱਢ ਆਗੂ ਸ. ਸਰਬਜੋਤ ਸਿੰਘ ਸਾਬੀ ਨੇ ਅੱਜ ਹਲਕਾ ਵਾਸੀਆਂ ਦਾ ਵੱਡਾ ਇਕੱਠ ਕਰਕੇ ਇੱਕ ਪਾਸੇ ਜਿੱਥੇ ਸੂਬੇ ਦੀ ਮੌਜੂਦਾ ਆਪ ਸਰਕਾਰ ਨੂੰ ਹਲਕਾ ਮੁਕੇਰੀਆ ਨੂੰ ਵਿਕਾਸ ਪੱਖੋ ਵਿਸਾਰਨ ਤੇ ਮਾਈਨਿੰਗ ਮਾਫੀਆ ਹਵਾਲੇ ਕਰਨ ਦੇ ਰੋਸ ਵਜ੍ਹੋਂ ਵੰਗਾਰ ਪਾਈ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੇਡਰ ਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸਰਬਜੋਤ ਸਿੰਘ ਸਾਬੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਜਾਣ ਨਾਲ ਹਲਕਾ ਮੁਕੇਰੀਆ ਦੇ ਸਿਆਸੀ ਸਮੀਕਰਨ ਬਦਲਨੇ ਤੈਅ ਮੰਨੇ ਜਾ ਰਹੇ ਹਨ। ਅੱਜ ਦੇ ਭਰਵੇਂ ਇਕੱਠ ਜਿਸ ਵਿੱਚ ਹਲਕੇ ਤੋਂ ਵੱਡੀ ਗਿਣਤੀ ਵਿੱਚ ਪੰਚਾਂ-ਸਰਪੰਚਾਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ ਨੂੰ ਸੰਬੋਧਨ ਕਰਦਿਆ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਮੁਕੇਰੀਆ ਹਲਕਾ ਸਾਡਾ ਘਰ ਹੈ ਤੇ ਆਪਦੇ ਘਰਦਿਆਂ ਦੇ ਹੱਕਾਂ-ਹਿੱਤਾਂ ਲਈ ਲੜਨਾ-ਖੜ੍ਹਨਾ ਮੇਰਾ ਧਰਮ ਹੈ ਤੇ ਇਸ ਧਰਮ ਨੂੰ ਨਿਭਾਉਦੇ ਹੋਏ ਹਲਕੇ ਦੀਆਂ ਟੁੱਟੀਆਂ ਸੜਕਾਂ, ਨਜ਼ਾਇਜ ਮਾਈਨਿੰਗ ਤੇ ਰੁਕੇ ਹੋਏ ਵਿਕਾਸ ਦੇ ਰੋਸ ਵਜ੍ਹੋਂ 11 ਅਪ੍ਰੈਲ ਨੂੰ ਸੂਬੇ ਦੀ ਨਿਕੰਮੀ ਆਪ ਸਰਕਾਰ ਖਿਲਾਫ ਐੱਸ.ਡੀ.ਐੱਮ.ਮੁਕੇਰੀਆ ਦੇ ਦਫਤਰ ਬਾਹਰ ਹਲਕਾ ਵਾਸੀ ਧਰਨਾ ਦੇਣਗੇ। ਸਰਬਜੋਤ ਸਾਬੀ ਨੇ ਕਿਹਾ ਕਿ ਹਲਕੇ ਵਿੱਚ ਸੜਕਾਂ ਦਿਖਾਈ ਨਹੀਂ ਦੇ ਰਹੀਆਂ ਤੇ ਪਿਛਲੇ 3 ਸਾਲ ਵਿੱਚ ਵਿਕਾਸ ਦੀ ਇੱਕ ਇੱਟ ਹਲਕੇ ਵਿੱਚ ਨਹੀਂ ਲੱਗੀ। ਸਰਬਜੋਤ ਸਾਬੀ ਨੇ ਕਿਹਾ ਕਿ ਸੂਬੇ ਦਾ ਵਿਧਾਇਕ ਗਾਇਬ ਹੈ ਤੇ ਇਨ੍ਹਾਂ ਨੂੰ ਵੋਟਾਂ ਪਾਉਣ ਵਾਲੇ ਲੋਕ ਨਿਰਾਸ਼ ਬੈਠੇ ਹਨ, ਇਸੇ ਲਈ ਹਲਕਾ ਵਾਸੀ ਹੁਣ ਖੁਦ ਸੁੱਤੀ ਸਰਕਾਰ ਨੂੰ ਜਗਾਉਣ ਲਈ 11 ਅਪ੍ਰੈਲ ਨੂੰ ਅੱਗੇ ਆਉਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਆਪਣੇ ਹੱਕਾਂ ਤੇ ਹਿੱਤਾਂ ਲਈ ਲੜਨਾ ਜਾਣਦੇ ਹਨ, ਉਨ੍ਹਾਂ ਅੱਗੇ ਕਿਹਾ ਕਿ ਜਿਸ ਬੇਕਿਰਕ ਤਰੀਕੇ ਨਾਲ ਸਾਡੇ ਹਲਕੇ ਦੇ ਕੁਦਰਤੀ ਸਾਧਨਾਂ ਦੀ ਮਾਈਨਿੰਗ ਮਾਫੀਆ ਲੁੱਟ ਕਰਕੇ ਸਾਡੀਆਂ ਗਲੀਆਂ-ਸੜਕਾਂ ਤੋੜ ਰਿਹਾ ਹੈ ਉਸ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਬਜੋਤ ਸਾਬੀ ਨੇ ਕਿਹਾ ਕਿ ਰੋਜਾਨਾ ਹਲਕਾ ਮੁਕੇਰੀਆ ਵਿੱਚੋਂ ਕਰੋੜਾਂ ਰੁਪਏ ਸਿੱਧੇ-ਅਸਿੱਧੇ ਢੰਗ ਨਾਲ ਸਰਕਾਰੇ-ਦਰਬਾਰੇ ਪਹੁੰਚ ਰਹੇ ਹਨ ਲੇਕਿਨ ਹਲਕੇ ਦੇ ਵਿਕਾਸ ਲਈ ਸੂਬੇ ਦੀ ਆਪ ਸਰਕਾਰ ਇੱਕ ਧੇਲਾ ਖਰਚ ਨਹੀਂ ਕਰ ਰਹੀ, ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰੋਕਣ ਦੇ ਦਾਅਵੇ ਕਰਨ ਵਾਲੀ ਇਸ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੁਕੇਰੀਆ ਹਲਕੇ ਅੰਦਰ ਸਰਕਾਰੀ ਦਫਤਰਾਂ ਵਿੱਚ ਪੈਸੇ ਦਿੱਤੇ ਬਿਨਾਂ ਲੋਕਾਂ ਦੇ ਕੰਮ ਨਹੀਂ ਹੋ ਰਹੇ, ਕੋਈ ਵੀ ਮਹਿਕਮਾ ਹੋਵੇ ਸਭ ਹਲਕਾ ਵਾਸੀਆਂ ਤੇ ਹਲਕੇ ਦੇ ਕੁਦਰਤੀ ਸਰੋਤਾਂ ਦੀ ਚੱਲ ਰਹੀ ਲੁੱਟ ਦਾ ਹਿੱਸਾ ਬਣੇ ਹੋਏ ਹਨ ਲੇਕਿਨ ਇਹ ਲੁੱਟ ਹੁਣ ਹੋਰ ਨਹੀਂ ਚੱਲਣ ਦਿੱਤੀ ਜਾਵੇਗੀ। ਸਰਬਜੋਤ ਸਾਬੀ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਅਵੇ ਕਰ ਰਹੇ ਹਨ ਕਿ ਉਹ ਵਿਕਾਸ ਦੇ ਮਾਮਲੇ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕਰਨਗੇ ਲੇਕਿਨ ਦੂਜੇ ਪਾਸੇ ਜਿਸ ਮੁਕੇਰੀਆ ਹਲਕੇ ਵਿੱਚ ਇਨ੍ਹਾਂ ਦੀ ਪਾਰਟੀ ਨੂੰ ਜਿੱਤ ਪ੍ਰਾਪਤ ਨਹੀਂ ਹੋਈ ਉੱਥੇ ਦੇ ਲੋਕਾਂ ਨੂੰ ਇਹ ਲਗਾਤਾਰ ਵਿਕਾਸ ਰੋਕ ਕੇ ਸਜ਼ਾ ਦੇ ਰਹੇ ਹਨ ਲੇਕਿਨ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਇਨ੍ਹਾਂ ਨੂੰ ਆਮ ਲੋਕਾਂ ਤੋਂ ਹੋਰ ਦੂਰ ਕਰ ਦੇਣਗੀਆਂ। ਇਸ ਮੌਕੇ ਹਾਜਰ ਪੰਚਾਂ-ਸਰਪੰਚਾਂ ਤੇ ਹੋਰ ਸਖਸ਼ੀਅਤਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਐਲਾਨ ਕੀਤਾ ਕਿ 11 ਅਪ੍ਰੈਲ ਨੂੰ ਸਰਬਜੋਤ ਸਿੰਘ ਸਾਬੀ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਪੂਰਾ ਤਾਣ ਲਗਾ ਕੇ ਸਿਰੇ ਲਗਾਇਆ ਜਾਵੇਗਾ ਤੇ ਕਿਸੇ ਵੀ ਹਾਲਤ ਵਿੱਚ ਸਰਕਾਰੀ ਤਾਨਾਸ਼ਾਹੀ ਅੱਗੇ ਸਿਰ ਨਹੀਂ ਝੁਕਾਇਆ ਜਾਵੇਗਾ। ਇਸ ਮੌਕੇ ਹਰਭਜਨ ਸਿੰਘ ਮੇਹੰਦੀਪੁਰ,ਹਰਭਜਨ ਸਿੰਘ ਤੱਗੜ ਕਲਾਂ, ਲਖਵੀਰ ਸਿੰਘ ਰੰਧਾਵਾ, ਗੁਰਦੀਪ ਸਿੰਘ ਗੇਰਾ, ਰਵਿੰਦਰ ਸਿੰਘ ਪਾਹੜਾ, ਮੇਜਰ ਸਿੰਘ ਮਹਿਤਪੁਰ, ਤਜਿੰਦਰ ਪਾਲ ਸਿੰਘ ਬੱਬਲ, ਚੀਫ ਨਿਰਮਲ ਸਿੰਘ, ਜਗਮੋਹਨ ਸਿੰਘ ਟਾਂਡਾ ਰਾਮ ਸਹਾਏ, ਕੁਲਬੀਰ ਸਿੰਘ ਬੱਬਾ,ਬੀਬੀ ਬਲਵੀਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਬਲਵਿੰਦਰ ਕੌਰ, ਬਲਬੀਰ ਸਿੰਘ ਟੀਟਾ, ਰਸ਼ਪਾਲ ਸਿੰਘ ਰੰਗਾ, ਬਲਦੇਵ ਸਿੰਘ ਕੌਲਪੁਰ, ਸੌਦਾਗਰ ਸਿੰਘ ਚਨੌਰ, ਕਿਸ਼ਨ ਪਾਲ ਬਿੱਟੂ , ਅਨਿਲ ਠਾਕੁਰ ਮਾਨਸਰ, ਰਾਜੂ ਕੌਲਪੁਰ, ਰਿੰਕੂ ਸਰਪੰਚ ਭੱਟੀਆਂ, ਗੁਰਦੇਵ ਸਿੰਘ ਸਿੰਬਲੀ, ਰਵਿੰਦਰ ਸਿੰਘ ਪ੍ਰਿੰਸ, ਹਰਦੀਪ ਸਿੰਘ ਸਾਬੀ, ਸਰਬਜੀਤ ਕੌਰ ਕੋਲੀਆਂ, ਰਾਜ ਰਾਣੀ ਕੌਲਪੁਰ, ਠਾਕੁਰ ਨਿਰਦੇਵ ਸਿੰਘ, ਠਾਕੁਰ ਰਮੇਸ਼ ਕੁਮਾਰ ਚਰੇੜਿਆਂ, ਠਾਕੁਰ ਰਣਵੀਰ ਪੰਡੋਰੀ, ਡਾਕਟਰ ਰਾਜੇਸ਼ ਡੋਗਰਾ, ਮਨਮੋਹਨ ਸਿੰਘ ਐੱਮਸੀ , ਪੂਨਮ ਰੱਤੂ ਐੱਮਸੀ, ਦਵਿੰਦਰ ਸਿੰਘ ਅਰਥੇਵਾਲ, ਗੁਰਸਜਨਦੀਪ ਸਿੰਘ ਗੱਜੀ, ਨਰਿੰਦਰ ਸਿੰਘ ਸੋਨੀ ਨੰਬਰਦਾਰ, ਗੁਰਵਿੰਦਰ ਸਿੰਘ ਗਿੰਦੂ ਆਦਿ ਸਮੇਤ ਹਜਾਰਾਂ ਲੋਕ ਹਾਜਰ ਸਨ। ਅਕਾਲੀ ਦਲ ਦਾ ਸੰਕਟ ਹੋਰ ਡੂੰਘਾ ਹੋਇਆ
ਅੱਜ ਦੇ ਇਸ ਇਕੱਠ ਵਿੱਚ ਜਿੱਥੇ ਆਮ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੇਡਰ ਤੇ ਆਗੂਆਂ ਨੇ ਸਰਬਜੋਤ ਸਿੰਘ ਸਾਬੀ ਨਾਲ ਖੜ੍ਹਨ ਦਾ ਅਹਿਦ ਲਿਆ ਜੋ ਕਿ ਮੁਕੇਰੀਆ ਹਲਕੇ ਅੰਦਰ ਅਕਾਲੀ ਦਲ ਦੇ ਸੰਕਟ ਨੂੰ ਹੋਰ ਡੂੰਘਾ ਕਰ ਗਿਆ, ਮੁਕੇਰੀਆ ਹਲਕੇ ਤੋਂ ਇਲਾਵਾ ਸਰਬਜੋਤ ਸਿੰਘ ਸਾਬੀ ਜਿਲ੍ਹੇ ਦੇ ਬਾਕੀ ਹਲਕਿਆਂ ਅੰਦਰ ਵਿੱਚ ਅਕਾਲੀ ਦਲ ਦੇ ਨੌਜਵਾਨ ਵਰਗ ਵਿੱਚ ਚੰਗੀ ਪਕੜ ਰੱਖਦੇ ਹਨ।
ਕੈਪਸ਼ਨ-ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਬਜੋਤ ਸਿੰਘ ਸਾਬੀ, ਮੰਚ ਤੇ ਹਾਜਰ ਇਲਾਕੇ ਦੀਆਂ ਸਖਸ਼ੀਅਤਾਂ ਤੇ ਪੰਡਾਲ ਵਿੱਚ ਮੌਜੂਦ ਹਜਾਰਾਂ ਦਾ ਇਕੱਠ।
ਮੁਕੇਰੀਆ ਸਾਡਾ ਘਰ, ਆਪਦੇ ਲੋਕਾਂ ਲਈ ਲੜਨਾ-ਖੜ੍ਹਨਾ ਮੇਰਾ ਧਰਮ-ਸਰਬਜੋਤ ਸਾਬੀ
Related Post