ਸੰਗਰੂਰ | ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਿੱਖ 14, 15 ਅਗਸਤ ਨੂੰ ਆਪਣੇ ਘਰਾਂ ‘ਤੇ ਤਿਰੰਗਾ ਨਹੀਂ ਬਲਕਿ ਕੇਸਰੀ ਨਿਸ਼ਾਨ ਲਹਿਰਾਉਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਮਰਨਜੀਤ ਮਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਤਿਰੰਗੇ ਦੇ ਵਿਰੋਧ ‘ਤੇ ਸੀ.ਐਮ ਮਾਨ ਨੇ ਕਿਹਾ ਕਿ ਸੰਵਿਧਾਨ ਦੀ ਸਹੁੰ ਚੁੱਕਣ ਵਾਲਿਆਂ ਨੂੰ ਤਿਰੰਗੇ ਤੋਂ ਪਰੇਸ਼ਾਨੀ ਕਿਉਂ ਹੈ? ਉਹ ਦੁਕਾਨ ਚਲਾ ਰਹੇ ਹੈ ਪਰ ਹੁਣ ਉਹਨਾਂ ਦੀਆਂ ਦੁਕਾਨਾਂ ਦੇ ਕੋਈ ਗਾਹਕ ਨਹੀਂ ਹਨ।

ਸਿਮਰਨਜੀਤ ਮਾਨ ਵਲੋਂ ਦਿੱਤਾ ਭਗਤ ਸਿੰਘ ਨੂੰ ਅੱਤਵਾਦੀ ਵਾਲਾ ਬਿਆਨ ਅਜੇ ਠੰਡਾ ਨਹੀਂ ਹੋਇਆ ਕਿ ਉਹਨਾਂ ਨੇ ਆਜਾਦੀ ਦਿਹਾੜੇ ਨੂੰ ਲੈ ਕੇ ਨਵਾਂ ਬਿਆਨ ਦੇ ਦਿੱਤਾ ਹੈ। ਇਸ ਬਿਆਨ ਵਿਚ ਉਹਨਾਂ ਨੇ ਸਿੱਖ ਕੌਮ ਨੂੰ ਤਿਰੰਗੇ ਦੀ ਥਾਂ ਕੇਸਰੀ ਨਿਸ਼ਾਨ ਲਹਿਰਾਉਣ ਲਈ ਕਿਹਾ ਹੈ।

ਮਾਨ ਹਾਲ ਹੀ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੇ ਭਗਵੰਤ ਮਾਨ ਦੇ ਗੜ੍ਹ ਵਜੋਂ ਜਾਣੀ ਜਾਂਦੀ ਸੀਟ ਤੋਂ ਚੋਣ ਜਿੱਤੀ ਸੀ। ਇੱਥੇ ਉਨ੍ਹਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਰਕੇ ਨੌਜਵਾਨਾਂ ਦੀ ਆਮ ਆਦਮੀ ਪਾਰਟੀ (ਆਪ) ਦੀ ਨਰਾਜ਼ਗੀ ਦਾ ਫਾਇਦਾ ਹੋਇਆ।

ਸੰਸਦ ਮੈਂਬਰ ਮਾਨ 10 ਨੂੰ ਜੰਤਰ-ਮੰਤਰ ਵਿਖੇ ਅਰਥੀ ਫੂਕ ਮਾਰਚ ਕਰਨਗੇ। ਬੰਦੀ ਸਿੱਖਾਂ ਦੀ ਰਿਹਾਈ ਲਈ ਇਹ ਮਾਰਚ ਹੋਵੇਗਾ। ਮਾਨ ਦਾ ਦਾਅਵਾ ਹੈ ਕਿ ਅਜਿਹੇ ਕਈ ਸਿੱਖ ਕੈਦੀ ਹਨ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਉਹ ਅਜੇ ਵੀ ਜੇਲ੍ਹ ਵਿੱਚ ਹਨ। ਮਾਨ ਨੇ ਸਿੱਖਾਂ ਨੂੰ ਬੰਦੀ ਸਿੱਖਾਂ ਦੀ ਰਿਹਾਈ ਲਈ ਦਿੱਲੀ ਜੰਤਰ-ਮੰਤਰ ਪਹੁੰਚਣ ਦੀ ਅਪੀਲ ਵੀ ਕੀਤੀ।