ਉੱਤਰ ਪ੍ਰਦੇਸ਼, 22 ਨਵੰਬਰ | ਗੌਤਮ ਬੁੱਧ ਨਗਰ ਜ਼ਿਲੇ ਦੇ ਬਾਦਲਪੁਰ ਥਾਣਾ ਖੇਤਰ ‘ਚ ਇਕ ਔਰਤ ਨੂੰ ਆਪਣੀ ਹੀ 6 ਸਾਲ ਦੀ ਬੇਟੀ ਅਤੇ 4 ਸਾਲ ਦੇ ਬੇਟੇ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਨੂੰ ਪਿੰਡ ਖੇੜਾ ਧਰਮਪੁਰ ‘ਚ ਵਾਪਰੀ ਅਤੇ ਦੋਸ਼ੀ ਔਰਤ ਦੀ ਪਛਾਣ ਸੋਨਮ ਵਜੋਂ ਹੋਈ ਹੈ।

ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ-2) ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਸੋਨਮ ਨੇ ਪਹਿਲਾਂ ਆਪਣੀ ਬੇਟੀ ਅਤੇ ਬੇਟੇ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਗੁਆਂਢੀਆਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਅਵਸਥੀ ਨੇ ਦੱਸਿਆ, ”ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਨੇ 2017 ‘ਚ ਸਾਹਿਲ ਨਾਂ ਦੇ ਵਿਅਕਤੀ ਨਾਲ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ। ਸਾਹਿਲ ਨਾਲ ਉਸ ਦੇ ਦੋ ਬੱਚੇ ਸਨ, ਜਿਨ੍ਹਾਂ ਦਾ ਉਸ ਨੇ ਕਤਲ ਕਰ ਦਿੱਤਾ।” 2021 ‘ਚ ਸਾਹਿਲ ਨੂੰ ਪੁਲਿਸ ਨੇ ਕਤਲ ਦੇ ਇਕ ਮਾਮਲੇ ‘ਚ ਫੜ ਕੇ ਜੇਲ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਉਹ ਸੋਨੂੰ ਨਾਂ ਦੇ ਵਿਅਕਤੀ ਨਾਲ ਖੇੜਾ ਧਰਮਪੁਰ ਪਿੰਡ ਵਿਚ ਰਹਿਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦਾ ਇਕ ਪੁੱਤਰ ਹੈ।

ਅਵਸਥੀ ਮੁਤਾਬਕ ਸੋਨਮ ਨੇ ਖੁਲਾਸਾ ਕੀਤਾ ਕਿ ਜਦੋਂ ਸਾਹਿਲ ਤਿੰਨ ਮਹੀਨੇ ਪਹਿਲਾਂ ਜੇਲ ਤੋਂ ਬਾਹਰ ਆਇਆ ਤਾਂ ਉਸ ਨੇ ਔਰਤ ‘ਤੇ ਆਪਣੇ ਨਾਲ ਰਹਿਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, “ਇਸੇ ਕਾਰਨ ਸੋਨਮ ਨੇ ਦੋਵਾਂ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।” ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)