ਮੋਰਿੰਡਾ, 3 ਅਕਤੂਬਰ| ਆਵਾਰਾ ਕੁੱਤਿਆਂ ਨੇ ਹਰ ਪਾਸੇ ਦਹਿਸ਼ਤ ਮਚਾਈ ਹੈ। ਨਿਤ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਹੀ ਰਹਿੰਦੀ ਹੈ, ਜਿਸ ਵਿਚ ਕਿਸੇ ਮਾਸੂਮ ਦੀ ਮੌਤ ਜਾਂ ਫਿਰ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ। ਤਾਜ਼ਾ ਮਾਮਲਾ ਮੋਰਿੰਡਾ ਦੇ ਪਿੰਡ ਸੰਗਤਪੁਰਾ ਤੋਂ ਹੈ ਜਿਥੇ 4 ਸਾਲਾ ਬੱਚੀ ਸਹਿਜਪ੍ਰੀਤ ਕੌਰ ਨੂੰ ਘਰ ਵਿਚ ਖੇਡਦੇ ਸਮੇਂ ਆਵਾਰਾ ਕੁੱਤਿਆਂ ਨੇ ਵੱਢ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ।

ਡਾਕਟਰਾਂ ਨੇ ਸਹਿਜਪ੍ਰੀਤ ਦੇ ਚਿਹਰੇ ਅਤੇ ਛਾਤੀ ‘ਤੇ 20 ਟਾਂਕੇ ਲਗਾ ਕੇ ਇਲਾਜ ਕੀਤਾ। ਦੱਸ ਦੇਈਏ ਕਿ ਕੁੱਤੇ ਨੇ ਸਹਿਜਪ੍ਰੀਤ ਦੇ ਚਿਹਰੇ ਤੋਂ ਮਾਸ ਦਾ ਟੁਕੜਾ ਕੱਢ ਲਿਆ ਅਤੇ ਬੇਟੀ ਦੇ ਰੌਲਾ ਪਾਉਣ ‘ਤੇ ਪ੍ਰਵਾਰਕ ਮੈਂਬਰਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਕੁੱਤੇ ਤੋਂ ਬਚਾਇਆ।

ਸਹਿਜਪ੍ਰੀਤ ਦਾ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਥੇ ਮੌਜੂਦ ਡਾਕਟਰਾਂ ਨੇ ਜ਼ਖ਼ਮ ਨੂੰ ਥੋੜ੍ਹੇ ਸਮੇਂ ਵਿਚ ਠੀਕ ਕਰਨ ਅਤੇ ਚਿਹਰੇ ਨੂੰ ਇਕਸਾਰ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੀ ਪਲਾਸਟਿਕ ਸਰਜਰੀ ਨਾ ਕਰਨ ਦਾ ਭਰੋਸਾ ਦਿਤਾ ਹੈ, ਉਨ੍ਹਾਂ ਕਿਹਾ ਕਿ ਬੱਚੀ ਦਾ ਕੋਈ ਹੋਰ ਇਲਾਜ ਜਾਂ ਪਲਾਸਟਿਕ ਸਰਜਰੀ ਮਾਹਿਰ ਦੀ ਸਲਾਹ ਅਨੁਸਾਰ ਹੀ ਕੀਤੀ ਜਾਵੇਗੀ।  

ਪ੍ਰਵਾਰਕ ਮੈਂਬਰ ਜਗਦੀਪ ਸਿੰਘ ਦੀਪਾ ਨੇ ਦਸਿਆ ਕਿ ਸਹਿਜਪ੍ਰੀਤ ਕੌਰ ਦੀ ਉਮਰ ਛੋਟੀ ਹੋਣ ਕਾਰਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਕਟਰਾਂ ਨੇ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਅਪਰੇਸ਼ਨ ਕਰਨ ਤੋਂ ਇਨਕਾਰ ਕਰ ਦਿਤਾ ਹੈ। ਰਣਜੋਧ ਸਿੰਘ ਦੀ ਪੁੱਤਰੀ ਸਹਿਜਪ੍ਰੀਤ ਦੇ ਪ੍ਰਵਾਰਕ ਮੈਂਬਰ ਜਗਦੀਪ ਸਿੰਘ ਦੀਪਾ ਨੇ ਦਸਿਆ ਕਿ ਪਿੰਡ ਵਿਚ ਦੋ ਦਰਜਨ ਤੋਂ ਵੱਧ ਆਵਾਰਾ ਕੁੱਤੇ ਹਨ, ਜੋ ਅਕਸਰ ਪਿੰਡ ਦੀਆਂ ਗਲੀਆਂ ਅਤੇ ਘਰਾਂ ਵਿਚ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦਸਿਆ ਕਿ ਸਹਿਜਪ੍ਰੀਤ ਹਾਲੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।z