ਮੋਰਿੰਡਾ, 28 ਨਵੰਬਰ| ਬਾਡੀ ਬਿਲਡਿੰਗ ਐਂਡ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਨੈਸ਼ਨਲ ਪੱਧਰ ਦੇ ਕਰਵਾਏ ਬਾਡੀ ਬਿਲਡਿੰਗ ਮੁਕਾਬਲੇ ਦੌਰਾਨ ਮੋਰਿੰਡਾ ਦੀ ਹੋਣਹਾਰ ਲੜਕੀ ਨੇ ਮਿਸ ਇੰਡੀਆ ਦਾ ਖ਼ਿਤਾਬ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਮਿਸ ਇੰਡੀਆ ਬਣੀ 23 ਸਾਲਾ ਪ੍ਰੀਤੀ ਅਰੋੜਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਅੱਜ ਇਸ ਮੁਕਾਮ ’ਤੇ ਪੁੱਜੀ ਹੈ। ਉਸ ਦੀ ਇਸ ਕਾਮਯਾਬੀ ਵਿਚ ਉਸ ਦੀ ਮਾਂ ਬਲਜਿੰਦਰ ਕੌਰ ਨੇ ਉਸ ਦੀ ਬਹੁਤ ਜ਼ਿਆਦਾ ਮਦਦ ਕੀਤੀ।

ਪ੍ਰੀਤੀ ਅਰੋੜਾ ਨੇ ਦੱਸਿਆ ਕਿ ਉਸ ਨੇ ਪੰਜਾਬ ਵੱਲੋਂ ਇਸ ਚੈਂਪੀਅਨਸ਼ਿਪ ਵਿਚ ਭਾਗ ਲਿਆ ਸੀ, ਜਿਸ ਵਿਚ ਹੋਰ ਵੀ ਵੱਖ-ਵੱਖ ਸੂਬਿਆਂ ਦੀਆਂ ਲੜਕੀਆਂ ਨੇ ਭਾਗ ਲਿਆ ਸੀ ਪਰ ਉਸ ਨੇ ਇਸ ਬਹੁਤ ਹੀ ਔਖੇ ਮੁਕਾਬਲੇ ਵਿਚ ਬਹੁਤ ਸਾਰੀਆਂ ਲੜਕੀਆਂ ਨੂੰ ਪਛਾੜ ਕੇ ਮਿਸ ਇੰਡੀਆ ਦਾ ਖ਼ਿਤਾਬ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਉਸ ਨੇ ਦੱਸਿਆ ਕਿ ਉਹ ਮੋਰਿੰਡਾ ਵਿਖੇ ‘ਦਿ ਫਿੱਟ ਇੰਡੀਆ’ ਨਾਮਕ ਜਿੰਮ ਵੀ ਚਲਾਉਂਦੀ ਹੈ ਜਿਸ ਵਿਚ ਉਹ ਹੋਰ ਵੀ ਲੜਕੇ-ਲੜਕੀਆਂ ਨੂੰ ਟ੍ਰੇਨਿੰਗ ਦਿੰਦੀ ਹੈ ਤਾਂ ਜੋ ਹੋਰ ਵੀ ਨੌਜਵਾਨ ਲੜਕੇ-ਲੜਕੀਆਂ ਅਜਿਹੇ ਖ਼ਿਤਾਬ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਸਕਣ।