ਬਰਨਾਲਾ | ਗੋਬਿੰਦਪੁਰਾ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਕੁਝ ਦਿਨ ਪਹਿਲਾਂ ਹੋਈ ਮੌਤ ਲਈ ਉਸ ਦੀ ਕੈਨੇਡਾ ਗਈ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਅੱਜ ਲਵਪ੍ਰੀਤ ਦੇ ਘਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਪਹੁੰਚੀ, ਜਿਨ੍ਹਾਂ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੇ ਆਉਣ ਦੀ ਭਿਣਕ ਲੱਗਦਿਆਂ ਹੀ ਪੰਜਾਬ ਭਰ ਤੋਂ 150 ਤੋਂ ਵੱਧ ਠੱਗੀਆਂ ਦੇ ਸ਼ਿਕਾਰ ਹੋਏ ਨੌਜਵਾਨ ਲਵਪ੍ਰੀਤ ਦੇ ਘਰ ਪਹੁੰਚ ਗਏ।

ਮੈਡਮ ਗੁਲਾਟੀ ਨੇ ਕਿਹਾ ਕਿ ਲਵਪ੍ਰੀਤ ਦੇ ਮਾਮਲੇ ‘ਚ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ, ਜੇਕਰ ਉਸ ਦੀ ਪਤਨੀ ਦੋਸ਼ੀ ਪਾਈ ਗਈ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਅਤੇ ਕੈਨੇਡਾ ਤੋਂ ਡਿਪੋਰਟ ਵੀ ਹੋਵੇਗੀ।

ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਨੌਜਵਾਨਾਂ ਦਾ ਇਹੀ ਆਰੋਪ ਹੈ ਕਿ ਉਨ੍ਹਾਂ ਨਾਲ ਉਨ੍ਹਾਂ ਦੀਆਂ ਘਰਵਾਲੀਆਂ ਲੱਖਾਂ ਰੁਪਇਆਂ ਦੀ ਠੱਗੀ ਮਾਰ ਕੇ ਵਿਦੇਸ਼ ਚਲੇ ਗਈਆਂ ਹਨ। ਉਨ੍ਹਾਂ ਨੂੰ ਨਾ ਤਾਂ ਵਿਦੇਸ਼ ਲਿਜਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ।

ਹਰਜਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਧਨੌਲਾ ਦੀ ਕੁੜੀ ਹਰਦੀਪ ਕੌਰ ਨੇ ਉਸ ਨਾਲ 45 ਲੱਖ ਦੀ ਠੱਗੀ ਕੀਤੀ ਤੇ ਹੁਣ ਗੱਲ ਨਹੀਂ ਕਰ ਰਹੀ। ਮੇਰੀ ਮੰਗ ਹੈ ਉਸਨੂੰ ਡਿਪੋਰਟ ਕੀਤਾ ਜਾਵੇ।

ਗਗਨਦੀਪ ਸਿੰਘ ਪਿੰਡ ਆਤਰ ਸਿੰਘ ਵਾਲਾ ਨੇ ਦੱਸਿਆ ਕਿ ਉਸਦਾ ਵਿਆਹ ਰਮਨਦੀਪ ਕੌਰ ਨਾਲ ਹੋਇਆ ਸੀ ਜੋ ਅੱਜ ਕੱਲ੍ਹ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ। ਮੇਰੇ ਸਹੁਰਾ ਸਾਹਿਬ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਉਦੋਂ ਮੈਂ IELTS ਕਰ ਰਿਹਾ ਸੀ। ਉਨ੍ਹਾਂ ਆਪਣੀ ਕੁੜੀ ਨਾਲ ਮੇਰੇ ਰਿਸ਼ਤੇ ਦੀ ਗੱਲ ਕੀਤੀ। ਉਸਨੇ ਪਹਿਲਾ ਹੀ IELTS ਕੀਤੀ ਹੋਈ ਸੀ। ਵਿਆਹ ਤੋਂ ਬਾਅਦ 7 ਦਿਨਾਂ ਬਾਅਦ ਉਹ ਆਸਟ੍ਰੇਲੀਆ ਚਲੀ ਗਈ। 20-22 ਲੱਖ ਰੁਪਏ ਲਗਾ ਚੁੱਕੇ ਹਾਂ ਅਤੇ ਹੁਣ ਉਹ ਤਲਾਕ ਮੰਗ ਰਹੀ ਹੈ।

ਇਸੇ ਤਰ੍ਹਾਂ ਹੋਰ ਕਈ ਨੌਜਵਾਨਾਂ ਨੇ ਆਪਣੇ ਨਾਲ ਵਹੁਟੀਆਂ ਵੱਲੋਂ ਕੀਤੀਆਂ ਠੱਗੀਆਂ ਬਾਰੇ ਦੱਸਿਆ। ਅੱਜ ਉਹ ਮੈਡਮ ਮਨੀਸ਼ਾ ਗੁਲਾਟੀ ਨੂੰ ਮਿਲਣ ਲਵਪ੍ਰੀਤ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੈਡਮ ਗੁਲਾਟੀ ਤੋਂ ਇਨਸਾਫ਼ ਦੀ ਉਮੀਦ ਹੈ।