ਮੋਹਾਲੀ। ਮੋਹਾਲੀ ਦੇ ਫੇਜ 8 ਵਿਚ ਸਥਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਸਵੇਰੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਬੈਨਰ ਹੇਠ ਸੈਂਕੜੇ ਸਿੱਖਿਅਕ ਪ੍ਰਦਰਸ਼ਨ ਕਰਦੇ ਹੋਏ ਡੀਪੀਆਈ ਦਫਤਰ ਵਿਚ ਵੜ ਗਏ। ਸਿੱਖਿਅਕਾਂ ਨੇ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ।
ਉਨ੍ਹਾਂ ਦਾ ਦੋਸ਼ ਸੀ ਕਿ 8886 ਅਧਿਆਪਕਾਂ ਦੇ ਸੰਘਰਸ਼ ਦੌਰਾਨ ਮੁੱਖ ਭੂਮਿਕਾ ਨਿਭਾਉਣ ਵਾਲੇ ਹਰਜਿੰਦਰ ਸਿੰਘ ਤੇ ਨਵਲਦੀਪ ਸ਼ਰਮਾ ਨੂੰ ਕਈ ਸਾਲਾਂ ਤੋਂ ਪੱਖਪਾਤ ਕਾਰਨ ਰੈਗੂਲਰ ਨਹੀਂ ਕੀਤਾ ਗਿਆ। ਜਿਸਦੇ ਕਾਰਨ ਉਨ੍ਹਾਂ ਨੂੰ ਸਕੂਲ ਛੱਡ ਕੇ ਇਹ ਰਸਤਾ ਅਖਤਿਆਰ ਕਰਨਾ ਪਿਆ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸੰਘਰਸ਼ ਕਰ ਰਹੇ ਸਿੱਖਿਅਕਾਂ ਨਾਲ ਮੀਟਿੰਗ ਕਰਕੇ ਜਲਦੀ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਵਿਭਾਗ ਦਾ ਸਾਰਾ ਕੰਮਕਾਜ ਰੁਕਿਆ ਰਿਹਾ। ਇਸ ਕਾਰਨ ਪੂਰੇ ਸੂਬੇ ਤੋਂ ਆਏ ਲੋਕਾਂ ਨੂੰ ਖਾਸਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸੋਮਵਾਰ ਸਵੇਰੇ ਹੀ ਸਿੱਖਿਅਕ ਫੇਜ 8 ਦੇ ਸਿੱਖਿਆ ਵਿਭਾਗ ਦੇ ਦਫਤਰ ਦੇ ਬਾਹਰ ਪੁੱਜ ਗਏ। ਸਿੱਖਿਅਕਾਂ ਦਾ ਸਾਫ-ਸਾਫ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ, ਉਦੋਂ ਤੱਕ ਉਹ ਨਹੀਂ ਹਟਣਗੇ। ਇਸਦੇ ਬਾਅਦ ਅਧਿਕਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ।
ਪੰਜਾਬ ਦੇ ਸੈਂਕੜੇ ਸਿੱਖਿਅਕ ਚੋਣਾਂ ਤੋਂ ਪਹਿਲਾਂ ਸੰਘਰਸ਼ ਉਤੇ ਚੱਲ ਰਹੇ ਸਨ। ਉਨ੍ਹਾਂ ਦੀ ਦਲੀਲ ਸੀ ਕਿ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਫਿਰ ਵੀ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ।