ਮੋਹਾਲੀ/ਬਨੂੜ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਮੋਟੇਮਾਜਰਾ ਵਿਚ ਵਿਅਕਤੀ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਹ ਘਰ ਦਾ ਇਕਲੌਤਾ ਕਮਾਊ ਜੀਅ ਸੀ ਤੇ 2 ਬੱਚੀਆਂ ਦਾ ਪਿਤਾ ਸੀ।

ਜਾਣਕਾਰੀ ਮੁਤਾਬਕ ਮ੍ਰਿਤਕ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਮਕਾਨਾਂ ਦੇ ਲੈਂਟਰਾਂ ਦੇ ਸਰੀਏ ਦਾ ਜਾਲ ਬੰਨ੍ਹਣ ਅਤੇ ਚਾਦਰਾਂ ਦੇ ਸ਼ੈੱਡ ਬਣਾਉਣ ਦਾ ਕੰਮ ਕਰਦਾ ਸੀ। ਬੀਤੀ ਸ਼ਾਮ ਉਹ ਆਪਣੇ ਪਿੰਡ ਮੋਟੇਮਾਜਰਾ ਦੇ ਕਿਸੇ ਵਸਨੀਕ ਦਾ ਸ਼ੈੱਡ ਬਣਾ ਰਿਹਾ ਸੀ। ਸ਼ੈੱਡ ਬਣਾਉਣ ਲਈ ਐਂਗਲ ਦਾ ਜਾਲ ਬਣਾਉਣ ਵਾਸਤੇ ਉਹ ਐਂਗਲ ਚੁੱਕਣ ਲੱਗਿਆ ਤਾਂ ਅਚਾਨਕ ਐਂਗਲ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨਾਲ ਛੂਹ ਗਿਆ ਤੇ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ।

ਸ਼ੈੱਡ ਦੀ ਉਸਾਰੀ ਕਰਵਾਉਣ ਵਾਲੇ ਵਿਅਕਤੀ ਅਤੇ ਕੁਲਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਬਨੂੜ ਨੇੜਲੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਚਾਚਾ ਕਾਕਾ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।