ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ ਗੋਲਡੀ, ਫੋਨ ਕਰ ਮਾਰਨ ਦੀ ਦਿੱਤੀ ਸੀ ਸੁਪਾਰੀ, ਬੱਸ ‘ਚ ਹਰਿਆਣਾ ਤੋਂ ਆਏ ਸਨ 2 ਆਰੋਪੀ

ਮੋਗਾ | ਲਾਰੈਂਸ ਬਿਸ਼ਨੋਈ ਗਰੁੱਪ ਦੇ ਕੈਨੇਡਾ ਬੈਠੇ ਗੈਂਗਸਟਰ ਨੇ 2 ਨੌਜਵਾਨਾਂ ਨੂੰ ਡਿਪਟੀ ਮੇਅਰ ਦੇ ਭਰਾ ਨੂੰ ਸੁਪਾਰੀ ਦੇ ਕੇ ਮਾਰਨ ਲਈ ਮੋਗਾ ਭੇਜਿਆ ਸੀ। ਇਸ ਦੀ ਪੁਸ਼ਟੀ ਪੁਲਿਸ ਨੇ ਕੀਤੀ ਹੈ।

ਘਟਨਾ ਬੁੱਧਵਾਰ ਦੁਪਹਿਰ 12 ਵਜੇ ਵਾਪਰੀ, ਜਿਸ ਵਿੱਚ ਇਕ ਆਰੋਪੀ ਵੀ ਜ਼ਖਮੀ ਹੋਇਆ, ਜਦਕਿ ਦੂਜਾ ਫਰਾਰ ਹੋ ਗਿਆ। 3 ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਸੋਨੂੰ ਧਮੀਜਾ ਪੁੱਤਰ ਪ੍ਰਥਮ ਧਮੀਜਾ ਨਾਲ ਨਾਨਕ ਨਗਰੀ ਸਥਿਤ ਫਾਈਨਾਂਸ ਕੰਪਨੀ ਤੋਂ ਬਾਈਕ ‘ਤੇ ਘਰ ਜਾ ਰਿਹਾ ਸੀ। ਸ਼ਿਵ ਡੇਅਰੀ ਨੇੜੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜੋ ਪ੍ਰਥਮ ਦੀ ਲੱਤ ‘ਤੇ ਲੱਗੀਆਂ।

ਇਸ ਤੋਂ ਬਾਅਦ ਜਦੋਂ ਸੁਨੀਲ ਕੁਮਾਰ ਨੇ ਬਾਈਕ ਸਵਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਪਿਸਤੌਲ ਦੇ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਹਮਲਾਵਰਾਂ ਵਿੱਚੋਂ ਇਕ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਫਰਾਰ ਹੋ ਗਿਆ। ਫੜੇ ਗਏ ਹਮਲਾਵਰ ਨੂੰ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ, ਜੋ ਕਿ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ।

ਦੂਜੇ ਪਾਸੇ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਮੋਨੂੰ ਨੇ ਦੱਸਿਆ ਕਿ ਉਸ ਨੂੰ ਕੈਨੇਡਾ ਬੈਠੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰ ਗੋਲਡੀ ਬਰਾੜ ਨੇ ਫੋਨ ਕਰਕੇ ਦੱਸਿਆ ਕਿ ਮੋਗਾ ਦੇ ਕਿਸੇ ਵਿਅਕਤੀ ਦਾ ਕੰਮ ਖਤਮ ਕਰਨਾ ਹੈ। ਗੋਲਡੀ ਬਰਾੜ ਵੱਲੋਂ ਉਸ ਨੂੰ ਆਪਣੇ ਮੋਬਾਇਲ ‘ਤੇ ਫੋਟੋ ਭੇਜ ਕੇ ਉਸ ਨੂੰ ਮਾਰਨ ਦੀ ਸੁਪਾਰੀ ਦੇ ਦਿੱਤੀ ਗਈ ਸੀ।

ਅੰਮ੍ਰਿਤਸਰ ਦਾ ਜੋਧਾਜੀਤ ਸਿੰਘ ਬੁੱਘੀਪੁਰਾ ਚੌਕ ‘ਚ ਮੁਲਜ਼ਮਾਂ ਦੀ ਕਰ ਰਿਹਾ ਸੀ ਉਡੀਕ

ਹਮਲਾਵਰ ਮੋਨੂੰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਹ ਬੱਸ ਰਾਹੀਂ ਮੋਗਾ ਪਹੁੰਚਿਆ ਤੇ ਬੁੱਘੀਪੁਰਾ ਚੌਕ ‘ਚ ਉਤਰਿਆ। ਉਥੇ ਪਹਿਲਾਂ ਤੋਂ ਹੀ ਮੋਟਰਸਾਈਕਲ ਸਵਾਰ ਜੋਧਾਜੀਤ ਸਿੰਘ ਵਾਸੀ ਅੰਮ੍ਰਿਤਸਰ ਉਸ ਦੀ ਉਡੀਕ ਕਰ ਰਿਹਾ ਸੀ। ਇਸ ਤੋਂ ਬਾਅਦ ਜੋਧਾਜੀਤ ਨੇ ਉਸ ਨੂੰ ਪਿਸਤੌਲ ਦੇ ਦਿੱਤਾ ਤੇ ਦੋਵੇਂ ਮੋਟਰਸਾਈਕਲ ’ਤੇ ਨਾਨਕ ਨਗਰੀ ਪਹੁੰਚ ਗਏ ਸਨ।

ਐੱਸਪੀਡੀ ਰੁਪਿੰਦਰ ਕੌਰ ਨੇ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਰੈਂਸ ਬਿਸ਼ਨੋਈ ਗਰੁੱਪ ਦਾ ਨਾਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਨੇ ਹੀ 2 ਨੌਜਵਾਨਾਂ ਨੂੰ ਮੋਗਾ ਚ ਧਮੀਜਾ ਪਰਿਵਾਰ ਦੇ ਇਕ ਨੌਜਵਾਨ ਨੂੰ ਮਾਰਨ ਲਈ ਭੇਜਿਆ ਸੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ