ਮੋਗਾ. ਪਿੰਡ ਧੱਲਕੇ ਦੇ ਨੌਜਵਾਨ ਵਲੋਂ ਕੈਨੇਡਾ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੇਢ ਵਰ੍ਹੇ ਪਹਿਲਾਂ ਪਿੰਡ ਧੱਲਕੇ ਦਾ ਨੌਜਵਾਨ ਬਲਵਿੰਦਰ ਸਿੰਘ ਵਿੱਕੀ (30) ਕੈਨੇਡਾ ਦੀ ਧਰਤੀ ਉੱਤੇ ਜਾ ਕੇ ਵਸਿਆ ਸੀ ਅਤੇ ਉੱਥੇ ਪੱਕੇ ਤੌਰ ‘ਤੇ ਰਹਿ ਰਿਹਾ ਸੀ। ਵਿੱਕੀ ਵਲੋਂ ਖੁਦਕੁਸ਼ੀ ਕਰਨ ਮਗਰੋਂ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਸਦੇ ਘਰਦਿਆਂ ਨੂੰ ਇਸ ਗੱਲ ਦੀ ਜਰਾ ਵੀ ਭਿਣਕ ਨਹੀਂ ਸੀ, ਕਿ ਵਿੱਕੀ ਦੇ ਡਾਲਰ ਘਰ ਆਉਣ ਦੀ ਵਜਾਏ ਉਸਦੀ ਲਾਸ਼ ਭਾਰਤ ਲਿਆਉਣ ਲਈ ਭਾਰੀ ਮੁਸ਼ਕੱਤ ਕਰਨੀ ਪਵੇਗੀ। ਕੈਨੇਡਾ ਦੀ ਧਰਤੀ ਉੱਤੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੇ ਆਪਣੇ ਪੁੱਤ ਦਾ ਮੂੰਹ ਦੇਖਣ ਲਈ ਤਰਸ ਰਹੀ ਬਦਕਿਸਮਤ ਮਾਂ ਕਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਿਤਾ ਨਰੈਣ ਸਿੰਘ ਨੇ ਦੱਸਿਆ ਉਨ੍ਹਾਂ 24 ਦਸੰਬਰ, 2017 ਨੂੰ ਕੈਨੇਡਾ ਦੀ ਪੱਕੇ ਤੌਰ ‘ਤੇ ਵਸਨੀਕ ਪੰਜਾਬੀ ਮੂਲ ਲੜਕੀ ਨਾਲ ਵਿੱਕੀ ਦਾ ਵਿਆਹ ਕੀਤਾ ਸੀ। ਭਾਰਤ ਵਿਚ ਉਹਨਾਂ ਦੀ ਆਪਸ ਵਿਚ ਬਹੁਤ ਜਿਆਦਾ ਬਣਦੀ ਸੀ, ਪਰ 6 ਨਵੰਬਰ, 2018 ਨੂੰ ਵਿੱਕੀ ਆਪਣੀ ਪਤਨੀ ਕੋਲ ਕੈਨੇਡਾ ਵਿਚ ਸਹੁਰੇ ਘਰ ਰਹਿਣ ਲੱਗ ਪਿਆ ਸੀ।

5 ਮਹੀਨਿਆਂ ਮਗਰੋਂ ਦੋਹਾਂ ਜੀਆਂ ਦੇ ਆਪਸੀ ਤਕਰਾਰ ਦੌਰਾਨ ਵਿੱਕੀ ਦੇ ਸਹੁਰਾ ਪਰਿਵਾਰ ਨੇ ਦੋਹਾਂ ਦੀ ਸੁਲਾਹ-ਸਫਾਈ ਕਰਵਾਉਣ ਦੀ ਬਜਾਏ ਕਥਿਤ ਤੌਰ ‘ਤੇ ਆਪਣੀ ਲੜਕੀ ਦਾ ਸਾਥ ਦਿੰਦਿਆ ਵਿੱਕੀ ਨੂੰ ਘਰੋਂ ਕੱਢ ਦਿੱਤਾ ਤੇ ਉਸਨੂੰ ਪਾਸਪੋਰਟ ਅਤੇ ਪੀ.ਆਰ ਕਾਰਡ ਵੀ ਨਹੀਂ ਦਿੱਤਾ।

ਵਿੱਕੀ ਦੀ ਪਤਨੀ ਨੇ ਸਾਰੇ ਪਰਿਵਾਰ ‘ਤੇ ਹੀ ਆਨਲਾਇਨ ਸ਼ਿਕਾਇਤ ਐੱਨ.ਆਰ.ਆਈ ਥਾਣੇ ਭੇਜ ਦਿੱਤੀ, ਜਿਸਦਾ ਮਾਮਲਾ ਹਾਲੇ ਵਿਚਾਰ ਅਧੀਨ ਹੀ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿਚ ਮਹਿੰਗੀ ਗੱਡੀ ਮੰਗਣ ਅਤੇ ਹੋਰ ਝੂਠੇ ਦੋਸ਼ ਲਾਉਣ ਕਰਕੇ ਵਿੱਕੀ ਸਮੇਤ ਸਾਰਾ ਪਰਿਵਾਰ ਚਿੰਤਤ ਸੀ। ਇਸ ਕਰਕੇ ਵਿੱਕੀ ਖੁਦਕੁਸ਼ੀ ਕਰ ਗਿਆ। ਵਿੱਕੀ ਦੇ ਪਰਿਵਾਰ ਨੇ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।