ਮੋਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸਿੰਘਾਂ ਵਾਲਾ ਹਾਈਵੇ ‘ਤੇ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ ਇਕ ਮਹਿਲਾ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਬਾਘਾਪੁਰਾਣਾ ਵੱਲੋਂ ਇਕ ਕਾਰ ਦੂਜੀ ਕਾਰ ਨੂੰ ਓਵਰਟੇਕ ਕਰਦੇ ਸਮੇਂ ਬਾਈਕ ਨਾਲ ਟਕਰਾਅ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਤੇ ਬਾਈਕ ਸੜਕ ਕਿਨਾਰੇ ਖੇਤਾਂ ਵਿਚ ਇਕ ਦਰੱਖਤ ਨਾਲ ਟਕਰਾ ਗਏ। ਹਾਦਸੇ ਵਿਚ ਸਵਾਰ ਮਾਂ, ਬੇਟਾ ਤੇ ਪੋਤੇ ਦੀ ਮੌਤ ਹੋ ਗਈ ਜਦੋਂਕਿ ਨੂੰਹ ਜ਼ਖਮੀ ਹੈ।

ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਸੁਖਚੈਨ ਸਿੰਘ ਵਾਸੀ ਪਿੰਡ ਦਾਤਾ ਨੇ ਦੱਸਿਆ ਕਿ ਉਸ ਦੀ ਮਾਂ ਹਰਵਿੰਦਰ ਕੌਰ, ਉਸ ਦਾ ਭਰਾ ਤਰਸੇਮ ਸਿੰਘ, ਭਾਈ ਨਿੱਕੀ ਕੌਰ ਤੇ ਭਤੀਜਾ 6 ਸਾਲਾ ਗੁਰਮਨ ਸਿੰਘ ਬਾਈਕ ‘ਤੇ ਲੰਗੇਆਣਾ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਜਾ ਰਹੇ ਸਨ। ਜਦੋਂ ਉਹ ਪਿੰਡ ਸਿੰਘਾਂ ਵਾਲਾ ਪਾਵਰ ਗਰਿੱਡ ਕੋਲ ਪਹੁੰਚੇ ਤਾਂ ਕੋਟਕਪੂਰਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਇਕ ਦੂਜੀ ਕਾਰ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਹਾਦਸਾ ਹੋਇਆ।

ਹਾਦਸੇ ਵਿਚ ਭਰਾ ਤਰਸੇਮ ਸਿੰਘ 31 ਸਾਲ 6 ਸਾਲ ਦੇ ਭਤੀਜੇ ਗੁਰਮਨ ਸਿੰਘ, ਮਾਤਾ ਹਰਵਿੰਦਰ ਕੌਰ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂਕਿ ਭਾਬੀ ਨਿੱਕੀ ਕੌਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਤੋਂ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਜਿਥੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਕਾਰ ਚਾਲਕ ਪ੍ਰਦੀਪ ਕੁਮਾਰ ਵਾਸੀ ਗੁਰੂਗ੍ਰਾਮ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੰਗਾਨਗਰ ਤੋਂ ਹੁੰਦੇ ਹੋਏ ਮਾਤਾ ਚਿੰਤਪੂਰਨੀ ਮੱਥਾ ਟੇਕਣ ਜਾ ਰਿਹਾ ਸੀ। ਹਾਦਸੇ ਦੇ ਬਾਅਦ ਕਾਰ ਦੇ ਏਅਰਬੈਗ ਖੁੱਲ੍ਹਣ ਨਾਲ ਕਾਰ ਸਵਾਰ ਚਾਰੋਂ ਲੋਕ ਵਾਲ-ਵਾਲ ਬਚ ਗਏ।