ਨਵੀਂ ਦਿੱਲੀ . ਕੇਂਦਰ ਸਰਕਾਰ ਨੇ ਸੰਸਦ ਵਿੱਚ ਕਿਹਾ ਹੈ ਕਿ ਉਸ ਕੋਲ ਅਜਿਹਾ ਕੋਈ ਅੰਕੜਾ ਉਪਲਬਧ ਨਹੀਂ ਹੈ ਜੋ ਇਹ ਦੱਸ ਸਕੇ ਕਿ ਦੇਸ਼ ਵਿੱਚ ਕਿੰਨੇ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਇਸ ਮੁੱਦੇ ‘ਤੇ ਹੁਣ ਵਿਵਾਦ ਖੜਾ ਹੋ ਗਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਪੁੱਛਿਆ ਹੈ ਕਿ ਕੋਰੋਨਾ ਵਾਰੀਅਰਜ਼ ਦਾ ਇੰਨਾ ਅਪਮਾਨ ਕਿਉਂ ਕੀਤਾ ਜਾਂ ਰਿਹਾ ਹੈ? ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਪ੍ਰਤੀਕੂਲ ਡਾਟਾ- ਮੁਕਤ ਮੋਦੀ ਸਰਕਾਰ, ਪਲੇਟ ਵਜਾਉਣ, ਦੀਵਾ ਜਗਾਉਣ ਤੋਂ ਜ਼ਿਆਦਾ ਜ਼ਰੂਰੀ ਹੈ ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ।

ਮੋਦੀ ਸਰਕਾਰ, ਕੋਰੋਨਾ ਵਾਰੀਅਰਜ਼ ਦਾ ਇੰਨਾ ਅਪਮਾਨ ਕਿਉਂ? ਤੁਹਾਨੂੰ ਦੱਸ ਦੇਈਏ ਕਿ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰਾਲੇ ਨੇ ਕਿਹਾ ਕਿ ਕਿੰਨੇ ਸਿਹਤ ਕਰਮਚਾਰੀ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ ਜਾਂ ਕਿੰਨੇ ਜਾਨ ਗਵਾਂ ਚੁੱਕੇ ਹਨ, ਉਨ੍ਹਾਂ ਕੋਲ ਅਜੇ ਇਹ ਅੰਕੜੇ ਨਹੀਂ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਤਾਲਾਬੰਦੀ ਵਿੱਚ ਮਾਰੇ ਗਏ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਜਾ ਅਜਿਹੇ ਅੰਕੜੇ ਵੀ ਉਪਲਬਧ ਨਹੀਂ ਹਨ। ਜਿਸ ‘ਤੇ ਹੰਗਾਮਾ ਹੋਇਆ ਉਦੋਂ ਵੀ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਕਿੰਨੇ ਮਜ਼ਦੂਰ ਮਰੇ ਹਨ, ਪਰ ਸਿਰਫ ਮੋਦੀ ਸਰਕਾਰ ਨਹੀਂ। ਮਹੱਤਵਪੂਰਣ ਗੱਲ ਇਹ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਵਿਰੁੱਧ ਫਰੰਟ ‘ਤੇ ਲੜਾਈ ਸਿਹਤ ਕਰਮਚਾਰੀ ਲੜ ਰਹੇ ਹਨ। ਇਸ ਸਮੇਂ ਦੌਰਾਨ, ਸੈਂਕੜੇ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇੰਨਾ ਹੀ ਨਹੀਂ, ਪਿੱਛਲੇ ਸਮੇਂ ਦੌਰਾਨ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਥੇ ਸਿਹਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰ ਜਾਂ ਨੇੜਲੇ ਸਥਾਨ ’ਤੇ ਅਪਮਾਨ ਸਹਿਣਾ ਪਿਆ ਹੈ। ਪਰ ਹੁਣ ਕੇਂਦਰ ਵੱਲੋਂ ਕੋਈ ਅੰਕੜੇ ਸਾਂਝੇ ਨਾ ਕਰਨ ਨਾਲ ਵਿਰੋਧੀ ਧਿਰ ਨੂੰ ਸਵਾਲ ਉਠਾਉਣ ਦਾ ਇੱਕ ਹੋਰ ਮੌਕਾ ਮਿਲਿਆ ਹੈ।