ਨਵਾਂਸ਼ਹਿਰ. ਆਈਟੀਆਈ ਗਰਾਊਂਡ ਵਿਖੇ 17 ਫਰਵਰੀ ਨੂੰ ਹੋਣ ਜਾ ਰਹੇ ਸਿੱਧੂ ਮੂਸੇਵਾਲਾ ਦਾ ਸ਼ੋਅ ਰੋਕਣ ਲਈ ਮਿਸ਼ਨ 6213 ਮੁਹਿੰਮ ਨਾਲ ਜੁੜੇ ਐਕਟਿਵਿਸਟਾਂ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਪੱਤਰ ਭੇਜਿਆ ਹੈ। ਪੱਤਰ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2016 ਦੇ ਕੇਸ ਨੰਬਰ 6213, ਜਿਸਦਾ ਫ਼ੈਸਲਾ 22 ਜੁਲਾਈ 2019 ਨੂੰ ਆਇਆ ਸੀ, ਉਸ ਦੀ ਹਿਦਾਇਤਾਂ ਦਾ ਹਵਾਲਾ ਦਿੱਤਾ ਗਿਆ ਹੈ।

ਇਹਨਾਂ ਹਿਦਾਇਤਾਂ ‘ਚ ਡੀਜੀਪੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਉਣ ਜਿਸ ‘ਚ ਸ਼ਰਾਬ, ਨਸ਼ੇ ਅਤੇ ਹਿੰਸਾ ਵਰਗੀਆਂ ਚੀਜ਼ਾਂ ਨੂੰ ਉਭਾਰਨ ਵਾਲੇ ਗਾਣੇ ਨਾ ਚਲੱਣ ਅਤੇ ਨਾ ਹੀ ਲਾਈਵ ਪ੍ਰੋਗਰਾਮਾਂ ‘ਚ ਗਾਏ ਜਾਣ। ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਸਾਲਾਨਾ ਇਮਤਿਹਾਨਾਂ ਤੋਂ 15 ਦਿਨ ਪਹਿਲਾਂ ਅਤੇ ਇਮਤਿਹਾਨਾਂ ਦੌਰਾਨ ਕਿਸੇ ਨੂੰ ਵੀ ਲਾਊਡ ਸਪੀਕਰ ਵਜਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਹੀ ਨਹੀਂ ਇਹਨਾਂ ਹਿਦਾਇਤਾਂ ‘ਤੇ ਅਮਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੀ ਨਿੱਜੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਗਈ ਹੈ।

ਮਿਸ਼ਨ 6213 ਨਾਲ ਜੁੜੇ ਪੰਜਾਬ ਦੇ ਨਾਮੀ ਡਾ. ਅਮਰਜੀਤ ਸਿੰਘ ਮਾਨ ਅਤੇ ਜਤਿੰਦਰ ਜੈਨ ਨੇ ਦੱਸਿਆ ਹੈ ਕਿ ਸਕੂਲੀ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨ 7 ਫਰਵਰੀ ਤੋਂ ਸ਼ੁਰੂ ਹਨ। ਉਹਨਾਂ ਨੇ ਦੋਸ਼ ਲਾਇਆ ਕਿ ਸਿੱਧੂ ਮੂਸੇਵਾਲਾ ਦੇ ਗੀਤ ਅਕਸਰ ਵਿਵਾਦਤ ਭਰੇ, ਹਿੰਸਾ ਅਤੇ ਨਸ਼ੇ ਵਰਗੀ ਚੀਜ਼ਾਂ ਨੂੰ ਉਭਾਰਨ ਵਾਲੇ ਹੁੰਦੇ ਹਨ। ਇਸ ਦੇ ਖਿਲਾਫ ਇੱਕ ਸ਼ਿਕਾਇਤ ਦੀ ਜਾਂਚ ਪੁਲਿਸ ਕਮਿਸ਼ਨਰ ਵਲੋਂ ਕੀਤੀ ਜਾ ਰਹੀ ਹੈ ਅਤੇ ਲੁਧਿਆਣੇ ਦੇ ਇੱਕ ਸ਼ੋਅ ਦੌਰਾਨ ਮੂਸੇਵਾਲਾ ਨੇ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਸਮਾਂ ਗਾ ਕੇ ਨਿਯਮਾਂ ਦੀ ਉਲੰਘਣਾ ਵੀ ਕੀਤੀ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।