ਲੁਧਿਆਣਾ, 9 ਜਨਵਰੀ | ਖੰਨਾ ‘ਚ ਬਦਮਾਸ਼ਾਂ ਨੇ ਪਹਿਲਾਂ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਫਿਰ ਉਹ ਉਸ ਨੂੰ ਅਗਵਾ ਕਰ ਕੇ ਲੈ ਗਏ। ਜਿੱਥੇ ਉਨ੍ਹਾਂ ਦੀ ਫਿਰ ਲੜਾਈ ਹੋਈ। ਬਾਅਦ ‘ਚ ਉਨ੍ਹਾਂ ਨੇ ਉਸ ਨੂੰ ਇਕ ਨਿੱਜੀ ਹਸਪਤਾਲ ਦੇ ਕੋਲ ਅੱਧ ਮਰਿਆ ਕਰ ਕੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਇਹ ਘਟਨਾ ਜੀਟੀਬੀ ਮਾਰਕੀਟ ਵਿਚ ਵਾਪਰੀ। ਜ਼ਖ਼ਮੀ ਦੀ ਪਛਾਣ ਲਲਿਤ ਜੋਸ਼ੀ ਵਾਸੀ ਨਈ ਅਬਾਦੀ ਖੰਨਾ ਵਜੋਂ ਹੋਈ ਹੈ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਲਲਿਤ ਜੋਸ਼ੀ ਆਪਣੇ ਦੋਸਤਾਂ ਨਾਲ ਜੀਟੀਬੀ ਮਾਰਕੀਟ ‘ਚ ਖੜ੍ਹਾ ਸੀ। ਉੱਥੇ ਇੱਕ ਕੁੜੀ ਆ ਕੇ ਉਨ੍ਹਾਂ ਨਾਲ ਗੱਲ ਕਰਦੀ ਹੈ। ਫਿਰ ਕਾਰ ‘ਚ 4-5 ਨੌਜਵਾਨ ਆਉਂਦੇ ਹਨ ਅਤੇ ਉਨ੍ਹਾਂ ਨੇ ਆਉਂਦੇ ਹੀ ਲਲਿਤ ਜੋਸ਼ੀ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।

ਜ਼ਖਮੀ ਹਾਲਤ ‘ਚ ਲਲਿਤ ਨੂੰ ਅਗਵਾ ਕਰ ਕੇ ਕਾਰ ‘ਚ ਬਿਠਾ ਕੇ ਲੈ ਗਏ। ਇਸ ਤੋਂ ਬਾਅਦ ਮਲੇਰਕੋਟਲਾ ਰੋਡ ‘ਤੇ ਪਿੰਡ ਮਾਜਰੀ ਨੇੜੇ ਸੜਕ ‘ਤੇ ਉਸ ਦੀ ਕੁੱਟਮਾਰ ਕੀਤੀ। ਫਿਰ ਉਸ ਨੂੰ ਬਸੰਤ ਨਗਰ ਖੰਨਾ ਦੇ ਸਹਾਰਾ ਹਸਪਤਾਲ ਨੇੜੇ ਸੁੱਟ ਕੇ ਭੱਜ ਗਏ।

ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਲਲਿਤ ਖੂਨ ਨਾਲ ਲੱਥਪੱਥ ਹੋ ਕੇ ਖੁਦ ਹਸਪਤਾਲ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਹਸਪਤਾਲ ਦੇ ਬਾਹਰ ਬੇਹੋਸ਼ ਹੋ ਕੇ ਡਿੱਗ ਪਿਆ। ਫਿਰ ਰਾਹਗੀਰਾਂ ਨੇ ਉਸ ਨੂੰ ਸੰਭਾਲਿਆ।

ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਕੇਸ ਦਰਜ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।