ਅਮਰੀਕਾ| ਕੈਲੇਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਤਿੰਨ ਨਾਬਾਲਗਾਂ ਨੌਜਵਾਨਾਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਹ ਜਾਣਕਾਰੀ ਮੀਡੀਆ ‘ਚ ਆਈ ਇੱਕ ਖ਼ਬਰ ਤੋਂ ਮਿਲੀ ਹੈ। ਦਰਅਸਲ ‘ਨਿਊਯਾਰਕ ਪੋਸਟ’ ਦੀ ਖ਼ਬਰ ਦੇ ਮੁਤਾਬਕ ਰਿਵਰਸਾਈਡ ਕਾਉਂਟੀ ਨਿਵਾਸੀ ਅਨੁਰਾਗ ਚੰਦਰਾ ਨੂੰ ਸ਼ੁੱਕਰਵਾਰ ਨੂੰ ਕਤਲ ਦੀ ਕੋਸ਼ਿਸ਼ ਅਤੇ ਕਤਲ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ।

‘ਨਿਊਯਾਰਕ ਪੋਸਟ’ ਦੀ ਖ਼ਬਰ ਦੇ ਮੁਤਾਬਕ ਇਹ ਘਟਨਾ 19 ਜਨਵਰੀ 2020 ਨੂੰ ਵਾਪਰੀ ਸੀ ਜਦੋਂ ਨਾਬਾਲਗਾਂ ਦੇ ਇੱਕ ਸਮੂਹ ਨੇ ਮਜ਼ਾਕ ਕਰਦੇ ਹੋਏ ਅਨੁਰਾਗ ਚੰਦਰਾ ਦੇ ਘਰ ਦੀ ਘੰਟੀ ਵਜਾਈ। ਅਨੁਰਾਗ ਚੰਦਰਾ ਨੇ ਦੱਸਿਆ ਕਿ ਘੰਟੀ ਵਜਾ ਕੇ ਭੱਜਣ ਤੋਂ ਪਹਿਲਾਂ ਇੱਕ ਨਾਬਾਲਗ ਨੇ ਉਸ ਦਾ ਮਜ਼ਾਕ ਉਡਾਇਆ ਸੀ। ਉਸ ਨੇ ਤਿੰਨੋਂ ਨਾਬਾਲਗਾਂ ਨੂੰ ਆਪਣੀ ਕਾਰ ਨਾਲ ਕੁਚਲ ਕੇ ਮਾਰ ਦਿੱਤਾ। ਖ਼ਬਰ ਵਿੱਚ ਇਹ ਦੱਸਿਆ ਗਿਆ ਕਿ ਇਸ ਘਟਨਾ ਵਿੱਚ 16 ਸਾਲ ਦੇ ਤਿੰਨੋਂ ਨਾਬਾਲਗ ਮਾਰੇ ਗਏ ਸਨ। ਜਿਸ ਦਿਨ ਹਾਦਸਾ ਵਾਪਰਿਆ ਚੰਦਰਾ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਕਿਹਾ ਕਿ ਉਹ ਮਜ਼ਾਕ ਤੋਂ “ਬਹੁਤ ਪਰੇਸ਼ਾਨ” ਸੀ ਅਤੇ ਦਾਅਵਾ ਕੀਤਾ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ।

ਉਸ ਨੇ ਸ਼ਰਾਰਤੀ ਮੁੰਡਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਕੇ ਸੜਕ ਤੋਂ ਇਕ ਪਾਸੇ ਸੁੱਟ ਦਿੱਤਾ। ਅਨੁਰਾਗ ਚੰਦਰਾ ਨੇ ਇਹ ਵੀ ਦੱਸਿਆ ਕਿ ਕਾਰ ਨੂੰ ਪਿੱਛੇ ਤੋਂ ਟੱਕਰ ਮਾਰਨ ਤੋਂ ਬਾਅਦ ਨਹੀਂ ਰੁਕਿਆ ਕਿਉਂਕਿ ਉਸ ਨੂੰ ਲੱਗਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ। ਖ਼ਬਰਾਂ ਮੁਤਾਬਕ ਹਾਦਸੇ ਵਿੱਚ 18 ਸਾਲਾ ਡਰਾਈਵਰ ਸਮੇਤ 13 ਸਾਲਾ ਦੋ ਯਾਤਰੀ ਵਾਲ-ਵਾਲ ਬਚ ਗਏ। ਚੰਦਰਾ ਇਸ ਹਾਦਸੇ ਤੋਂ ਪਹਿਲਾਂ 2020 ਵਿੱਚ ਘਰੇਲੂ ਹਿੰਸਾ ਦੀ ਘਟਨਾ ਦੇ ਸਬੰਧ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।