ਭਾਰਤੀ ਇਤਿਹਾਸ ਵਿੱਚ ਅਜਿਹੇ ਪਲ ਹਨ ਜੋ ਸਿਰਫ਼ ਪਿਛਲੀਆਂ ਘਟਨਾਵਾਂ ਨਹੀਂ ਹਨ ਸਗੋਂ ਮਨੁੱਖੀ ਸਭਿਅਤਾ ਦੀ ਆਤਮਾ ਨੂੰ ਪਰਿਭਾਸ਼ਿਤ ਕਰਨ ਵਾਲੇ ਮੀਲ ਦੇ ਪੱਥਰ ਹਨ। 24 ਨਵੰਬਰ, 1675, ਇੱਕ ਅਜਿਹਾ ਦਿਨ ਹੈ – ਜਦੋਂ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ (ਹਿੰਦ ਦੀ ਚਾਦਰ) ਨੇ ਧਰਮ, ਮਨੁੱਖਤਾ ਅਤੇ ਵਿਅਕਤੀਗਤ ਆਜ਼ਾਦੀ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ।
ਅੱਜ, ਜਿਵੇਂ ਕਿ ਅਸੀਂ ਉਨ੍ਹਾਂ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ, ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਘਰਸ਼ ਇਕ ਸ਼ੁੱਧ ਮਨੁੱਖੀ ਸੰਘਰਸ਼ ਸੀ। 17ਵੀਂ ਸਦੀ ਵਿੱਚ, ਮੁਗਲ ਸਮਰਾਟ ਔਰੰਗਜ਼ੇਬ ਵਿਆਪਕ ਤੌਰ ‘ਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਰਹੇ ਸਨ । ਹਿੰਦੂਆਂ ਅਤੇ ਪੰਡਤਾਂ ਵਿਰੁੱਧ, ਖਾਸ ਕਰਕੇ ਕਸ਼ਮੀਰ ਵਿੱਚ, ਅੱਤਿਆਚਾਰ ਵਧ ਗਏ ਸਨ। ਆਪਣੀ ਧਰਮ ਅਤੇ ਸੱਭਿਆਚਾਰਕ ਪਛਾਣ ਨੂੰ ਬਚਾਉਣ ਲਈ, ਉਹ ਦਿੱਲੀ ਪਹੁੰਚੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਦਦ ਲਈ ਅਪੀਲ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਾ ਸਿਰਫ਼ ਉਨ੍ਹਾਂ ਦੇ ਦਰਦ ਨੂੰ ਸਮਝਿਆ, ਸਗੋਂ ਇਹ ਵੀ ਪਛਾਣਿਆ ਕਿ ਇਹ ਲੜਾਈ ਧਾਰਮਿਕ ਪਛਾਣ ਨਾਲੋਂ ਮਨੁੱਖੀ ਮਾਣ ਅਤੇ ਮੌਲਿਕ ਅਧਿਕਾਰਾਂ ਬਾਰੇ ਸੀ। ਗੁਰੂ ਸਾਹਿਬ ਨੇ ਨਾ ਸਿਰਫ਼ ਉਨ੍ਹਾਂ ਦੀ ਗੱਲ ਸੁਣੀ, ਸਗੋਂ ਇਹ ਵੀ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਕੁਰਬਾਨੀ ਇਸ ਅੱਤਿਆਚਾਰ ਨੂੰ ਰੋਕ ਸਕਦੀ ਹੈ, ਤਾਂ ਉਹ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹਨ।
ਔਰੰਗਜ਼ੇਬ ਦੇ ਦਬਾਅ ਅਤੇ ਤਸ਼ੱਦਦ ਦੇ ਸਾਹਮਣੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾ ਤੇ ਝੁੱਕੇ ਅਤੇ ਨਾ ਹੀ ਸਮਝੌਤਾ ਕੀਤਾ। ਇਹ ਦ੍ਰਿੜਤਾ ਸਿਰਫ਼ ਧਾਰਮਿਕ ਹਿੰਮਤ ਦੀ ਇੱਕ ਉਦਾਹਰਣ ਨਹੀਂ ਸੀ, ਇਹ ਨੈਤਿਕ ਤਾਕਤ ਦਾ ਪ੍ਰਦਰਸ਼ਨ ਸੀ ਜੋ ਦਰਸਾਉਂਦਾ ਹੈ ਕਿ ਭਾਵੇਂ ਸ਼ਕਤੀ ਸਰੀਰ ਨੂੰ ਆਪਣੇ ਅਧੀਨ ਕਰ ਸਕਦੀ ਹੈ ਪਰ ਇਹ ਕਦੇ ਵੀ ਮਨ ਅਤੇ ਆਤਮਾ ਨੂੰ ਆਪਣੇ ਅਧੀਨ ਨਹੀਂ ਕਰ ਸਕਦੀ। ਚਾਂਦਨੀ ਚੌਕ ਵਿੱਚ ਉਨ੍ਹਾਂ ਦੀ ਕੁਰਬਾਨੀ ਸ਼ਕਤੀ ਅਤੇ ਹੰਕਾਰ ਉੱਤੇ ਸੱਚ ਅਤੇ ਤਰਕ ਦੀ ਜਿੱਤ ਦਾ ਪ੍ਰਤੀਕ ਬਣ ਗਈ। ਅੱਜ ਉਸੇ ਸਥਾਨ ‘ਤੇ ਖੜ੍ਹਾ ਗੁਰਦੁਆਰਾ ਸ਼ੀਸ਼ ਗੰਜ ਸਾਹਿਬ, ਉਸ ਇਤਿਹਾਸਕ ਵਿਰੋਧ ਦੀ ਇੱਕ ਜ਼ਿੰਦਾ ਯਾਦਗਾਰ ਹੈ।
ਇਸ ਸਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਵਿਸ਼ੇਸ਼ ਉਤਸ਼ਾਹ ਨਾਲ ਮਨਾਈ ਗਈ। ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰਦੁਆਰਿਆਂ, ਸੰਸਥਾਵਾਂ ਅਤੇ ਭਾਈਚਾਰਿਆਂ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਪ੍ਰੋਗਰਾਮ ਆਯੋਜਿਤ ਕੀਤੇ। ਗੁਰੂ ਸਾਹਿਬ ਜੀ ਨੂੰ ਕੀਰਤਨ, ਨਗਰ ਕੀਰਤਨ, ਸੈਮੀਨਾਰ, ਇਤਿਹਾਸਕ ਪ੍ਰਦਰਸ਼ਨੀਆਂ ਅਤੇ ਮਨੁੱਖੀ ਸੇਵਾ ਦੇ ਕਈ ਕਾਰਜਾਂ ਰਾਹੀਂ ਯਾਦ ਕੀਤਾ ਗਿਆ। ਇਹ ਮੌਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਨ੍ਹਾਂ ਦੇ ਸਿਧਾਂਤ ਕਿਸੇ ਇੱਕ ਯੁੱਗ ਤੱਕ ਸੀਮਤ ਨਹੀਂ ਹਨ, ਸਗੋਂ ਅੱਜ ਵੀ ਬਰਾਬਰ ਪ੍ਰਸੰਗਿਕ ਅਤੇ ਪ੍ਰੇਰਨਾਦਾਇਕ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾ ਸਿਰਫ਼ ਸਿੱਖ ਧਰਮ ਦਾ ਮਾਣ ਹੈ, ਸਗੋਂ ਪੂਰੀ ਦੁਨੀਆ ਲਈ ਇੱਕ ਸੰਦੇਸ਼ ਵੀ ਹੈ ਕਿ ਧਰਮ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦੀ ਨੀਂਹ ਹੈ। ਉਨ੍ਹਾਂ ਦਾ ਜੀਵਨ ਅਤੇ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਨਿਆਂ ਲਈ ਖੜ੍ਹੇ ਹੋਣਾ ਹਿੰਮਤ ਦਾ ਸਭ ਤੋਂ ਉੱਚਾ ਰੂਪ ਹੈ, ਮਨੁੱਖੀ ਕਦਰਾਂ-ਕੀਮਤਾਂ ਕਿਸੇ ਵੀ ਸ਼ਕਤੀ ਜਾਂ ਡਰ ਤੋਂ ਵੱਡੀਆਂ ਹਨ।ਧਾਰਮਿਕ ਆਜ਼ਾਦੀ ਹਰ ਵਿਅਕਤੀ ਦਾ ਕੁਦਰਤੀ ਅਧਿਕਾਰ ਹੈ, ਅਤੇ ਜ਼ੁਲਮ ਦਾ ਵਿਰੋਧ ਕਰਨਾ ਧਰਮ ਦਾ ਅਸਲ ਰੂਪ ਹੈ।
ਅੱਜ, ਜਦੋਂ ਦੁਨੀਆ ਕਈ ਧਾਰਮਿਕ ਤਣਾਅ ਅਤੇ ਅਸਹਿਣਸ਼ੀਲਤਾ ਨਾਲ ਜੂਝ ਰਹੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਸੇ ਵੀ ਕੌਮ ਦੀ ਬੁਨਿਆਦੀ ਤਾਕਤ ਉਸ ਦੀ ਵਿਭਿੰਨਤਾ ਨੂੰ ਸਵੀਕਾਰ ਕਰਨ ਅਤੇ ਸੁਰੱਖਿਅਤ ਰੱਖਣ ਵਿੱਚ ਹੈ। ਭਾਰਤ ਦਾ ਸੰਵਿਧਾਨ ਵੀ ਇਸ ਸਿਧਾਂਤ ‘ਤੇ ਅਧਾਰਤ ਹੈ ਪਰ ਸਿਰਫ਼ ਕਾਨੂੰਨ ਹੀ ਕਾਫ਼ੀ ਨਹੀਂ ਹੈ – ਸਮਾਜਿਕ ਜਾਗਰੂਕਤਾ, ਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸੰਵੇਦਨਸ਼ੀਲਤਾ ਵੀ ਓਨਾ ਹੀ ਜ਼ਰੂਰੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਉਹ ਹੈ ਜੋ ਦੂਜਿਆਂ ਦੀ ਆਜ਼ਾਦੀ ਦੀ ਰੱਖਿਆ ਕਰਦਾ ਹੈ। ਉਨ੍ਹਾਂ ਦੀ ਸ਼ਹਾਦਤ ਇਹ ਸੰਦੇਸ਼ ਦਿੰਦੀ ਹੈ ਕਿ ਸੱਚ ਅਤੇ ਨਿਆਂ ਲਈ ਖੜ੍ਹੇ ਹੋਣਾ ਕਿਸੇ ਵੀ ਸੱਭਿਅਕ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ। ਅੱਜ ਜਦੋਂ ਦੁਨੀਆ ਵਿਚਾਰਧਾਰਕ ਧਰੁਵੀਕਰਨ ਅਤੇ ਕੱਟੜਤਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਸੰਗਿਕ ਹੈ। ਇਹ ਇਸ ਗੱਲ ਦਾ ਵੀ ਦਿਨ ਹੈ ਕਿ ਮਨੁੱਖਤਾ, ਸ਼ਾਂਤੀ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਹਰ ਯੁੱਗ ਵਿੱਚ ਸਰਵਉੱਚ ਰਹੇਗੀ।