ਮਾਨਸਾ| ਮਾਨਸਾ ਦੇ ਪਿੰਡ ਮੰਢਾਲੀ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਵਿੱਚੋਂ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਛੋਟੇ ਕਿਸਾਨ ਸੁਖਵਿੰਦਰ ਸਿੰਘ ਦੀ ਬੇਟੀ ਹਰਮਨਦੀਪ ਆਈਪੀਐਸ ਅਫ਼ਸਰ ਬਣ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੀ ਹੈ। ਇਹ ਉਸ ਦੇ ਪਿਤਾ ਦਾ ਸੁਪਨਾ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਪੂਰਾ ਕਰਨਾ ਚਾਹੁੰਦੀ ਹੈ। ਹਰਮਨਦੀਪ ਦੇ ਪਿਤਾ ਸੁਖਵਿੰਦਰ ਸਿੰਘ ਕੋਲ 3 ਏਕੜ ਜ਼ਮੀਨ ਹੈ ਤੇ ਉਹ ਖੇਤੀ ਕਰਦੇ ਹਨ ਜਦਕਿ ਮਾਤਾ ਗੁਰਪ੍ਰੀਤ ਕੌਰ ਘਰੇਲੂ ਕੰਮ ਕਰਦੀ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਐਲਾਨੇ 10ਵੀਂ ਦੇ ਨਤੀਜਿਆਂ ’ਚੋਂ ਸਰਕਾਰੀ ਹਾਈ ਸਕੂਲ ਮੰਢਾਲੀ (ਮਾਨਸਾ) ਦੀ ਵਿਦਿਆਰਥਣ ਹਰਮਨਦੀਪ ਕੌਰ ਸੂਬੇ ਭਰ ’ਚ ਤੀਜੇ ਨੰਬਰ ’ਤੇ ਆਈ ਹੈ। ਇਸ ਦੇ ਨਾਲ ਹੀ ਇਲਾਕਾ ਵਾਸੀਆਂ ’ਚ ਇਕ ਵਾਰ ਫ਼ਿਰ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਦੋ ਦਿਨ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ 12ਵੀਂ ਆਏ ਨਤੀਜਿਆਂ ‘ਚ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਨੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਮਾਨਸਾ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਲਗਾਤਾਰ ਪੁਜੀਸ਼ਨਾਂ ਹਾਸਲ ਕਰ ਰਹੀਆਂ ਹਨ।