ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਫੈਸਲਾ ਲੈਂਦੇ ਹੋਏ ਹਾਲ ਹੀ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਸੀ.ਐੱਮ. ਮਾਨ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਏ ਮੀਂਹ ਕਰਕੇ ਕਿਸਾਨਾਂ ਦੀ ਖੇਤਾਂ ਵਿੱਚ ਤਿਆਰ ਖੜ੍ਹੀ ਕਣਕ ਦੀ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ, ਜਿਸ ਕਰਕੇ ਅਫਸਰਾਂ ਨੂੰ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਅੰਨਦਾਤੇ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ।

ਦੱਸ ਦੇਈਏ ਕਿ ਮੁਕਤਸਰ ਸਾਹਿਬ ‘ਚ ਸੋਮਵਾਰ ਦੁਪਹਿਰ ਕਰੀਬ 1 ਵਜੇ ਅਚਾਨਕ ਬਾਰਿਸ਼ ਸ਼ੁਰੂ ਹੋ ਗਈ। ਹਾਲਾਂਕਿ ਦੋ ਦਿਨਾਂ ਤੋਂ ਕਦੇ ਬੱਦਲ ਛਾਏ ਰਹੇ ਅਤੇ ਕਦੇ ਧੁੱਪ ਨਿਕਲੀ। ਸੋਮਵਾਰ ਨੂੰ ਸਵੇਰ ਤੋਂ ਹੀ ਧੁੱਪ ਅਤੇ ਬੱਦਲ ਛਾਏ ਰਹੇ, ਜਿਸ ਤੋਂ ਬਾਅਦ ਦੁਪਹਿਰ ਬਾਅਦ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਕਿਸਾਨਾਂ ਦੀਆ ਫਸਲਾਂ ਵੀ ਤਬਾਹ ਹੋ ਗਈਆਂ ਹਨ।

ਇਸ ਦੇ ਨਾਲ ਹੀ ਪਟਿਆਲਾ ਵਿਚ ਵੀ ਅੱਜ ਦੁਪਹਿਰ ਨੂੰ ਅਚਾਨਕ ਮੌਸਮ ‘ਚ ਬਦਲਾਅ ਮਗਰੋਂ ਭਾਰੀ ਮੀਂਹ ਪਿਆ ਹੈ। ਇਸ ਦੌਰਾਨ ਮੀਂਹ ਦੇ ਨਾਲ ਕਾਫੀ ਗੜ੍ਹੇਮਾਰੀ ਵੀ ਹੋਈ ਹੈ। ਬੀਤੇ 2 ਦਿਨਾਂ ‘ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਕਿਸਾਨਾਂ ਨੂੰ ਕਣਕ ਦੀ ਫ਼ਸਲ ਦਾ ਝਾੜ ਘਟਣ ਦਾ ਡਰ ਸਤਾਉਣ ਲੱਗਾ ਹੈ। ਅਚਾਨਕ ਮੌਸਮ ਵਿੱਚ ਆਏ ਬਦਲਾਅ ਕਰਕੇ ਕਈ ਜ਼ਿਲ੍ਹਿਆਂ ਵਿੱਚ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਫਸਲ ਖਰਾਬ ਹੋ ਗਈ।