ਲੁਧਿਆਣਾ। ਸੌਦਾ ਸਾਧ ਨੂੰ ਮਿਲੀ ਪੈਰੋਲ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸੇ ਹੋਰ ਸੂਬੇ ਦਾ ਹੈ, ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਇਸ ਲਈ ਉਹ ਇਸ ਬਾਰੇ ਕੋਈ ਬਿਆਨ ਨਹੀਂ ਦੇਣਗੇ।

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੇਰਾ ਸੂਬਾ ਪੰਜਾਬ ਹੈ ਅਤੇ ਉਨ੍ਹਾਂ ਨੇ ਕਦੀ ਵੀ ਕਿਸੇ ਹੋਰ ਸੂਬੇ ਬਾਰੇ ਨਹੀਂ ਬੋਲਿਆ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਹਾਈਕੋਰਟ ਅਤੇ ਸੁਪਰੀਮ ਕੋਰਟ ਤੋਂ ਉੱਪਰ ਕੋਈ ਹੈ? ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਇਹ ਕੰਮ ਸਰਕਾਰਾਂ ਦਾ ਹੈ, ਕਮਿਸ਼ਨ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ।

ਜਦੋਂ ਪੱਤਰਕਾਰਾਂ ਨੇ ਕਿਹਾ ਕਿ ਸੌਦਾ ਸਾਧ ਦੇ ਡੇਰੇ ਨਾਲ ਪੰਜਾਬ ਵੀ ਜੁੜਦਾ ਹੈ ਤਾਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕਰੋ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਧਰਮ ਬਾਰੇ ਬੋਲਾਂਗੀ ਤਾਂ ਉਸ ਨੂੰ ਕਰਮ ਨਾਲ ਜੋੜ ਕੇ ਬੋਲਾਂਗੀ।  

ਲੁਧਿਆਣਾ ਪੁਲਿਸ ਲਾਈਨਜ਼ ਵਿਖੇ ਲੋਕ ਅਦਾਲਤ ਲਗਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਸਾਲ ਦੀ ਪਹਿਲੀ ਲੋਕ ਅਦਾਲਤ ਹੈ, ਜਿੱਥੇ ਕਮਿਸ਼ਨ ਅਤੇ ਪੁਲਿਸ ਵੱਲੋਂ ਕੇਸਾਂ ਸਬੰਧੀ ਲੋਕਾਂ ਨੂੰ ਬੁਲਾਇਆ ਗਿਆ ਹੈ। ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕੇਸਾਂ ਨੂੰ ਸੁਲਝਾਉਣ ਲਈ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।