ਲੁਧਿਆਣਾ, 28 ਜਨਵਰੀ | ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਪੁਲਿਸ ਅਤੇ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਇੱਕ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ‘ਹੋਟਲ ਬਲੂ ਸੇਵਨ’ ਵਿੱਚ ਹੋਈ ਇਸ ਕਾਰਵਾਈ ਦੌਰਾਨ ਪੁਲਿਸ ਨੇ 8 ਨੌਜਵਾਨਾਂ ਅਤੇ 8 ਮੁਟਿਆਰਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਹੈ।

ਇਹ ਕਾਰਵਾਈ ਇਲਾਕਾ ਨਿਵਾਸੀਆਂ ਵੱਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ। ਲੋਕਾਂ ਦਾ ਦੋਸ਼ ਹੈ ਕਿ ਇੱਕ ਕੋਠੀ ਵਿੱਚ ਬਣਾਏ ਗਏ ਇਸ ਹੋਟਲ ਵਿੱਚ ਪਿਛਲੇ 2 ਸਾਲਾਂ ਤੋਂ ਨਜਾਇਜ਼ ਗਤੀਵਿਧੀਆਂ ਚੱਲ ਰਹੀਆਂ ਸਨ। ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਜਦੋਂ ਪੁਲਿਸ ਨੇ ਕੋਈ ਐਕਸ਼ਨ ਨਾ ਲਿਆ, ਤਾਂ ਲੋਕਾਂ ਨੇ ਸਥਾਨਕ ਵਿਧਾਇਕ ਕੋਲ ਪਹੁੰਚ ਕੀਤੀ।

ਮੌਕੇ ‘ਤੇ ਮੌਜੂਦ ਵਿਧਾਇਕ ਛੀਨਾ ਨੇ ਦੱਸਿਆ ਕਿ ਹੋਟਲ ਵਿੱਚ ਨਾ ਸਿਰਫ਼ ਦੇਹ ਵਪਾਰ ਹੋ ਰਿਹਾ ਸੀ, ਸਗੋਂ ਨਿਯਮਾਂ ਦੀ ਉਲੰਘਣਾ ਕਰਕੇ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਵੀ ਪਰੋਸੇ ਜਾ ਰਹੇ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਹੋਟਲ ਮਾਲਕ ਦੇ ਸ਼ਹਿਰ ਵਿੱਚ ਤਿੰਨ ਹੋਟਲ ਹਨ, ਜਿਨ੍ਹਾਂ ਵਿੱਚੋਂ ਸ਼ੇਰਪੁਰ ਸਥਿਤ ਹੋਟਲ ‘ਤੇ ਵੀ ਪਹਿਲਾਂ ਰੇਡ ਹੋ ਚੁੱਕੀ ਹੈ।

ਪੁਲਿਸ ਨੇ ਹੋਟਲ ਦਾ ਡੀਵੀਆਰ (DVR) ਅਤੇ ਹੋਰ ਦਸਤਾਵੇਜ਼ ਕਬਜ਼ੇ ਵਿੱਚ ਲੈ ਲਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਤਹਿ ਤੱਕ ਜਾ ਕੇ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ। ਫਿਲਹਾਲ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।