ਦੂਜੀ ਵਿਸ਼ਵ ਜੰਗ ਲੜ ਚੁੱਕੇ 103 ਸਾਲ ਦੇ ਮਹੰਤ ਦਾ ਕਤਲ, ਗੂਗਲ ‘ਤੇ ਵੀ ਇਸ ਉਮਰ ਦੇ ਕਿਸੇ ਇਨਸਾਨ ਦੇ ਕਤਲ ਬਾਰੇ ਕੋਈ ਜਾਣਕਾਰੀ ਨਹੀਂ

0
485

1962 ਦੀ ਚੀਨ ਜੰਗ ‘ਚ ਹਿੱਸਾ ਲੈ ਚੁੱਕੇ ਸਨ ਮਹੰਤ ਕੇਸ਼ਰ ਨਾਥ

ਸਟੀਵ ਜੌਬਸ ਵਾਲੇ ਕੈਂਚੀ ਧਾਮ ਨੇੜੇ ਆਸ਼ਰਮ ‘ਚ ਰਹਿੰਦੇ ਸਨ, ਪੁਲਿਸ ਕਤਲ ਦਾ ਸ਼ੁਰੂਆਤੀ ਕਾਰਨ ਲੁੱਟ ਦੱਸ ਰਹੀ

ਨੈਨੀਤਾਲ. ਇੱਕ ਸਾਧੂ ਅਤੇ ਦੂਜੀ ਉਮਰ 103 ਸਾਲ ਦੀ। ਅਜਿਹੇ ਇਨਸਾਨ ਨੂੰ ਵੇਖ ਕੇ ਸ਼ਰਧਾ ਭਾਵ ਜਾਗ ਜਾਣਾ ਚਾਹੀਦਾ ਹੈ ਪਰ ਲੁਟੇਰਿਆਂ ਨੇ ਉਹਨਾਂ ਨੂੰ ਮਾਰਦਿਆਂ ਦੇਰ ਨਾ ਲਗਾਈ। ਇਹ ਘਟਨਾ ਉੱਤਰਾਖੰਡ ਦੇ ਪਹਾੜਾਂ ‘ਚ ਨੈਨੀਤਾਲ ਜਿਲੇ ਦੇ ਉਸ ਕੈਂਚੀ ਧਾਮ ਦੇ ਨੇੜੇ ਹੋਈ ਹੈ ਜਿੱਥੇ ਕਿਸੇ ਵੇਲੇ ਐਪਲ ਕੰਪਨੀ ਦੇ ਫਾਉਂਡਰ ਸਟੀਵ ਜੌਬਸ ਨੇ ਆਪਣੇ ਰੁਹਾਨੀ ਸਫਰ ਦੇ ਸ਼ੁਰੂਆਤੀ ਦਿਨ ਗੁਜ਼ਾਰੇ ਸਨ। ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਅਕਸਰ ਇੱਥੇ ਆਉਂਦੀ ਰਹਿੰਦੀ ਹੈ। ਬਾਬਾ ਕੇਸ਼ਰ ਨਾਥ ਗਿਰੀ ਕੈਂਚੀ ਧਾਮ ਤੋਂ ਤਿੰਨ ਕਿੱਲੋਮੀਟਰ ਦੂਰ ਪਹਾੜੀ ‘ਤੇ ਬਣੇ ਬਾਬਾ ਦੇ ਆਸ਼ਰਮ ‘ਚ ਰਹਿੰਦੇ ਸਨ। ਉਹਨਾਂ ਨਾਲ ਸੇਵਕ ਤੀਰਥ ਥਾਪਾ ਵੀ ਰਹਿੰਦਾ ਸੀ। ਹਮਲੇ ਦਾ ਸ਼ੁਰੂਆਤੀ ਕਾਰਨ ਲੁੱਟ ਮੰਨਿਆ ਜਾ ਰਿਹਾ ਹੈ।

ਨੈਨੀਤਾਲ ਦੇ ਐਸਐਸਪੀ ਸੁਨੀਲ ਕੁਮਾਰ ਮੀਣਾ ਦੇ ਹਵਾਲੇ ਤੋਂ ਆਈ ਖਬਰ ‘ਚ ਦੱਸਿਆ ਗਿਆ ਹੈ ਕਿ ਇਹ ਵਾਰਦਾਤ ਵੀਰਵਾਰ ਰਾਤ ਕਰੀਬ ਨੌ ਵਜੇ ਦੀ ਹੈ। ਦੋ ਅਣਜਾਨ ਡੰਡੇ ਲੈ ਕੇ ਆਸ਼ਰਮ ਤੱਕ ਆ ਗਏ ਅਤੇ ਮਹੰਤ ‘ਤੇ ਹਮਲਾ ਕਰ ਦਿੱਤਾ। ਬਚਾਅ ਕਰਨ ਆਏ ਸੇਵਕ ਤੀਰਥ ਥਾਪਾ ਨੂੰ ਵੀ ਡੰਡੇ ਮਾਰੇ। ਦੋਹਾਂ ਨੂੰ ਮਰਿਆ ਸਮਝ ਕੇ ਭੱਜ ਗਏ। ਬਾਅਦ ‘ਚ ਤੀਰਥ ਨੇ ਨੇੜੇ-ਤੇੜੇ ਦੇ ਲੋਕਾਂ ਨੂੰ ਇਸ ਘਟਨਾ ਬਾਰੇ ਦੱਸਿਆ। ਉਸੇ ਵੇਲੇ ਮਹੰਤ ਨੂੰ ਭਵਾਲੀ ਹਸਪਤਾਲ ਪਹੁੰਚਾਇਆ ਗਿਆ। ਉਸ ਵੇਲੇ ਤੱਕ ਮਹੰਤ ਦੀ ਜਾਣ ਜਾ ਚੁੱਕੀ ਸੀ।

ਦੁਨੀਆ ‘ਚ 103 ਸਾਲ ਦੇ ਕਿਸੇ ਇਨਸਾਨ ਦੇ ਕਤਲ ਦੀ ਫਿਲਹਾਲ ਇਹ ਪਹਿਲੀ ਖਬਰ ਹੈ। ਗੂਗਲ ‘ਤੇ ਵੀ ਇਸ ਉਮਰ ‘ਚ ਕਤਲ ਦੀ ਕੋਈ ਖਬਰ ਨਹੀਂ ਮਿਲਦੀ।

ਬਾਬਾ ਕੇਸ਼ਰ ਨਾਥ ਗਿਰੀ ਉੱਤਰਾਖੰਡ ‘ਚ ਹੀ ਗਰੁੜ ਕਸਬੇ ਦੇ ਨੇੜੇ-ਤੇੜੇ ਦੇ ਪਿੰਡ ਦੇ ਰਹਿਣ ਵਾਲੇ ਸਨ। ਬ੍ਰਿਟਿਸ਼ ਇੰਡੀਆ ਫੌਜ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਸਰਵੇ ਆਫ ਇੰਡੀਆ ‘ਚ ਵੀ ਕੰਮ ਕਰ ਚੁੱਕੇ ਸਨ। ਉਹ ਆਪਣੇ ਸ਼ਰਧਾਲੂਆਂ ਨੂੰ ਅਕਸਰ ਦੂਜੀ ਵਿਸ਼ਵ ਜੰਗ ਅਤੇ ਚੀਨ ਨਾਲ ਹੋਈ ਭਾਰਤ ਦੀ ਜੰਗ ਦੀਆਂ ਕਹਾਣੀਆਂ ਸੁਣਾਇਆ ਕਰਦੇ ਸਨ। ਦੋਹਾਂ ਲੜਾਈਆਂ ‘ਚ ਮਹੰਤ ਨੇ ਇੱਕ ਫੌਜੀ ਦੇ ਤੌਰ ‘ਤੇ ਹਿੱਸਾ ਲਿਆ ਸੀ। ਫੌਜ ਤੋਂ ਸੂਬੇਦਾਰ ਦੇ ਅਹੁੱਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਪਹਾੜਾਂ ‘ਤੇ ਪਰਤ ਆਏ ਸਨ। ਦੱਸਿਆ ਜਾਂਦਾ ਹੈ ਕਿ ਉਹ ਪਿਛਲੇ 16 ਸਾਲ ਤੋਂ ਇਸੇ ਆਸ਼ਰਮ ‘ਚ ਤਪੱਸਿਆ ਕਰ ਰਹੇ ਸਨ।

ਵਾਰਦਾਤ ਭਵਾਲੀ ਕਸਬੇ ਤੋਂ 8 ਕਿੱਲੋਮੀਟਰ ਦੂਰ ਅਲਮੋੜਾ ਰੋਡ ‘ਤੇ ਪੈਂਦੇ ਕੈਂਚੀ ਧਾਮ ਦੀ ਉੱਚੀ ਪਹਾੜੀ ‘ਤੇ ਹੋਈ ਹੈ। ਉੱਤਰਾਖੰਡ ਦੇ ਪੱਤਰਕਾਰ ਨੀਰਜ ਜੋਸ਼ੀ ਮੁਤਾਬਿਕ, ਦੋ ਸਾਲ ਪਹਿਲਾਂ ਵੀ ਬਾਬਾ ਦੇ ਆਸ਼ਰਮ ‘ਚ ਲਗਭਗ ਦੋ ਲੱਖ ਰੁਪਏ ਦੀ ਲੁੱਟ ਹੋਈ ਸੀ। ਉਸ ਵਾਰਦਾਤ ਦਾ ਖੁਲਾਸਾ ਨਹੀਂ ਹੋਇਆ। ਬਾਬੇ ਦੇ ਕਤਲ ਤੋਂ ਬਾਅਦ ਆਸ਼ਰਮ ਪਹੁੰਚੀ ਪੁਲਿਸ ਨੂੰ ਸ਼ੱਕ ਹੈ ਕਿ ਕਤਲ ਲੁੱਟਖੋਹ ਲਈ ਹੀ ਕੀਤਾ ਹੋਵੇਗਾ। ਆਸ਼ਰਮ ਤੋਂ ਪੁਲਿਸ ਨੂੰ 1.05 ਲੱਖ ਰੁਪਏ ਮਿਲੇ ਹਨ। ਆਸ਼ਰਮ ‘ਚ ਹੋਈ ਕਿਸੇ ਲੁੱਟ ਬਾਰੇ ਪੁਲਿਸ ਫਿਲਹਾਲ ਨਹੀਂ ਦੱਸ ਰਹੀ ਹੈ।

ਉੱਤਰਾਖੰਡ ਦੇ ਲੋਕਲ ਅਖਬਾਰਾਂ ਤੋਂ ਪਤਾ ਲਗਦਾ ਹੈ ਕਿ ਆਸ਼ਰਮ ‘ਚੋਂ ਪੁਲਿਸ ਨੂੰ ਕੁੱਝ ਚਰਸ (ਮਾਰੀਜੁਆਨਾ) ਵੀ ਬਰਾਮਦ ਹੋਈ ਹੈ। ਨੈਨੀਤਾਲ ਦੇ ਐਸਐਸਪੀ ਨੇ ਦੱਸਿਆ ਕਿ ਉਹ ਹਰ ਤਰੀਕੇ ਨਾਲ ਵਾਰਦਾਤ ਦੀ ਜਾਂਚ ਕਰ ਰਹੇ ਹਨ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।