ਮੱਧ ਪ੍ਰਦੇਸ਼, 6 ਦਸੰਬਰ | ਇਥੋਂ ਦੇ ਰਾਜਗੜ੍ਹ ਜ਼ਿਲੇ ‘ਚ ਮੰਗਲਵਾਰ ਨੂੰ ਬੋਰਵੈੱਲ ‘ਚ ਡਿੱਗੀ 5 ਸਾਲ ਦੀ ਬੱਚੀ ਦੀ ਬੁੱਧਵਾਰ ਸਵੇਰੇ ਭੋਪਾਲ ਦੇ ਇਕ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਬੋਰਵੈੱਲ ‘ਚੋਂ ਬਾਹਰ ਕੱਢਣ ਦੇ ਕੁਝ ਘੰਟਿਆਂ ਬਾਅਦ ਬੱਚੀ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਬੱਚੀ ਦੀ ਪਛਾਣ ਮਾਹੀ ਵਜੋਂ ਹੋਈ ਹੈ। ਉਸ ਨੂੰ ਰਾਤੀਂ 2.45 ਵਜੇ ਬੋਰਵੈੱਲ ਵਿਚੋਂ ਜ਼ਿੰਦਾ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਉਸ ਦੀ ਹਾਲਤ ਵਿਗੜ ਗਈ। ਡਾਕਟਰ ਕਿਰਨ ਵਾਡੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਲੜਕੀ ਨੂੰ ਕਰੀਬ 70 ਕਿਲੋਮੀਟਰ ਦੂਰ ਭੋਪਾਲ ਦੇ ਸਰਕਾਰੀ ਹਮੀਦੀਆ ਹਸਪਤਾਲ ਲਿਜਾਇਆ ਗਿਆ, ਜਿਥੇ ਸਵੇਰੇ ਕਰੀਬ 6 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਰਾਜਗੜ੍ਹ ਦੇ ਐਸਪੀ ਧਰਮਰਾਜ ਮੀਨਾ ਨੇ ਦੱਸਿਆ ਕਿ ਮਾਹੀ ਮੰਗਲਵਾਰ ਸ਼ਾਮ ਨੂੰ ਇਕ ਖੇਤ ਵਿਚ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਈ ਸੀ ਅਤੇ ਮਾਹਿਰਾਂ ਦੀ ਟੀਮ ਨੇ ਕਰੀਬ 25 ਫੁੱਟ ਡੂੰਘਾ ਟੋਇਆ ਪੁੱਟ ਕੇ ਉਸ ਨੂੰ ਬਚਾਇਆ। ਉਹ ਜ਼ਮੀਨ ਤੋਂ 22 ਫੁੱਟ ਹੇਠਾਂ ਫਸ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੋਦਾ ਥਾਣੇ ਅਧੀਨ ਪੈਂਦੇ ਪਿੰਡ ਪਿਪਲੀਆ ਰਸੋਦਾ ਵਿਚ ਵਾਪਰੀ।