ਲੁਧਿਆਣਾ| ਪਤਨੀ ਨੇ ਮਕਾਨ ਵੇਚਣ ਤੋਂ ਰੋਕਿਆ ਤਾਂ ਗੁੱਸੇ ਵਿੱਚ ਆਏ ਪਤੀ ਨੇ ਉਸਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਗੰਭੀਰ ਰੂਪ ‘ਚ ਫੱਟੜ ਹੋਈ ਔਰਤ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੀਆਂ ਲੱਤਾਂ ਅਤੇ ਪੈਰਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਸ ਦਾ ਚੂਲ਼ਾ ਵੀ ਟੁੱਟ ਗਿਆ ਹੈ।

ਇਸ ਮਾਮਲੇ ‘ਚ ਥਾਣਾ ਨੰਬਰ ਸੱਤ ਦੀ ਪੁਲਿਸ ਨੇ ਤਾਜਪੁਰ ਰੋਡ ਦੇ ਗੁਰੂ ਰਾਮਦਾਸ ਨਗਰ ਦੀ ਵਾਸੀ ਅਮਨਦੀਪ ਕੌਰ ਦੀ ਸ਼ਿਕਾਇਤ ‘ਤੇ ਗੁਰੂ ਰਾਮਦਾਸ ਨਗਰ ਦੇ ਹੀ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਗੁਰੂ ਰਾਮਦਾਸ ਨਗਰ ਵਾਲਾ ਘਰ ਉਸ ਦੇ ਨਾਮ ‘ਤੇ ਹੈ। ਉਸ ਦਾ ਪਤੀ ਮਨਪ੍ਰੀਤ ਸਿੰਘ ਮਕਾਨ ਵੇਚਣਾ ਚਾਹੁੰਦਾ ਹੈ ਪਰ ਉਹ ਇਸ ਕੰਮ ਲਈ ਰਾਜ਼ੀ ਨਹੀਂ ਹੈ। ਔਰਤ ਨੇ ਦੱਸਿਆ ਕਿ ਇਸੇ ਦੇ ਚਲਦੇ ਦੋਵਾਂ ਵਿਚਕਾਰ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਉਹ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਕਪੂਰਥਲਾ ਵਿੱਚ ਆਪਣੀ ਭੂਆ ਬਲਬੀਰ ਕੌਰ ਦੇ ਕੋਲ ਰਹਿ ਰਹੀ ਸੀ।

ਔਰਤ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਉਹ ਤਾਜਪੁਰ ਰੋਡ ਸਥਿਤ ਆਪਣੇ ਘਰ ਆਈ। ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਤੀ ਮਨਪ੍ਰੀਤ ਸਿੰਘ ਉਸ ਨੂੰ ਦੇਖਦੇ ਹੀ ਭੜਕ ਗਿਆ ਅਤੇ ਕਹੀ ਦੇ ਦਸਤੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਕੁੱਟਮਾਰ ਕਰਦੇ ਹੋਏ ਮੁਲਜ਼ਮ ਨੇ ਉਸ ਨੂੰ ਛੱਤ ਤੋਂ ਹੇਠਾਂ ਧੱਕਾ ਦੇ ਦਿੱਤਾ। ਗੰਭੀਰ ਰੂਪ ਵਿੱਚ ਫੱਟੜ ਹੋਈ ਔਰਤ ਨੂੰ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਅਮਰੀਕ ਚੰਦ ਦਾ ਕਹਿਣਾ ਹੈ ਕਿ ਪੁਲਿਸ ਨੇ ਔਰਤ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਮਨਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।