ਲੁਧਿਆਣਾ | ਇਥੋਂ ਇਕ ਧੋਖਾਦੇਹੀ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਹ ਮਾਮਲਾ ਸਾਨੇਵਾਲ ਦੇ ਨੰਦਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨੰਦਪੁਰਾ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਮੋਬਾਇਲ ਫੋਨ ਡਿੱਗ ਪਿਆ।
ਦੁਬਾਰਾ ਤੋਂ ਸਿਮ ਹਾਸਲ ਕਰਨ ਲਈ ਉਹ ਨੰਦਪੁਰਾ ਇਲਾਕੇ ਵਿਚ ਇਕ ਮੋਬਾਇਲ ਸ਼ਾਪ ‘ਤੇ ਗਈ। ਦੁਕਾਨਦਾਰ ਨੇ ਉਸ ਦੇ 2 ਵਾਰ ਬਾਇਓਮੈਟ੍ਰਿਕ ਲਏ। ਸਿਮ ਐਕਟਿਵ ਹੋਣ ਤੋਂ ਬਾਅਦ ਉਹ ਘਰ ਵਾਪਸ ਆ ਗਈ। ਕੁਝ ਦਿਨਾਂ ਬਾਅਦ ਔਰਤ ਨੂੰ ਪਤਾ ਲੱਗਾ ਕਿ ਉਸ ਦੇ ਨਾਂ ਉਪਰ ਇਕ ਹੋਰ ਸਿਮ ਕਾਰਡ ਚੱਲ ਰਿਹਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਔਰਤ ਦੇ ਆਧਾਰ ਕਾਰਡ ਅਤੇ ਫੋਟੋ ਦੀ ਦੁਰਵਰਤੋਂ ਕਰਕੇ ਕਿਸੇ ਹੋਰ ਵਿਅਕਤੀ ਨੂੰ ਉਸਦੇ ਨਾਂ ਉਪਰ ਸਿਮ ਵੇਚ ਦਿੱਤਾ।
ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਤਫਤੀਸ਼ ਤੋਂ ਬਾਅਦ ਨੰਦਪੁਰਾ ਦੇ ਰਾਜੀਵ ਮੋਬਾਇਲ ਕੇਅਰ ਦੇ ਮਾਲਕ ਰਾਜੀਵ ਭਾਟੀਆ ਖਿਲਾਫ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਕਾਰੀ ਸਬ-ਇੰਸਪੈਕਟਰ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।