ਲੁਧਿਆਣਾ | ਇਕ ਟ੍ਰੈਵਲ ਏਜੰਟ ਵੱਲੋਂ ਨੌਜਵਾਨ ਨੂੰ ਜਾਅਲੀ ਆਫਰ ਲੈਟਰ ਦਿਖਾ ਕੇ ਸਟੱਡੀ ਵੀਜ਼ਾ ‘ਤੇ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਗਿਆ ਅਤੇ ਉਸ ਕੋਲੋਂ ਸਾਢੇ 9 ਲੱਖ ਲੈ ਲਏ। ਇਸ ਤੋਂ ਬਾਅਦ ਨਾ ਤਾਂ ਉਸਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ । ਥਾਣਾ ਦੁੱਗਰੀ ਦੀ ਪੁਲਿਸ ਨੇ ਤਫਤੀਸ਼ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਤੇਜਪਾਲ ਸਿੰਘ ਦੇ ਪਿਤਾ ਸਰਬਪਾਲ ਸਿੰਘ ਦੇ ਬਿਆਨ ‘ਤੇ ਟ੍ਰੈਵਲ ਏਜੰਸੀ ਪ੍ਰਾਇਮ ਗਲੋਬਲ ਵਿਜ਼ਨ ਦੇ ਰਵਿੰਦਰਪਾਲ ਸਿੰਘ ਖਿਲਾਫ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ
ਜਾਂਚ ‘ਤੇ ਪਤਾ ਲੱਗਾ ਕਿ ਆਫਰ ਲੈਟਰ ਅਤੇ ਰਸੀਦਾਂ ਜਾਅਲੀ ਸਨ । ਮੁਲਜ਼ਮ ਨੇ ਨਾ ਤਾਂ ਤੇਜਪਾਲ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਇਸ ਮਾਮਲੇ ਸਬੰਧੀ ਸਰਬਪਾਲ ਸਿੰਘ ਨੇ 24 ਜਨਵਰੀ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ । ਇਸ ਮਾਮਲੇ ਵਿਚ ਉੱਚ ਅਧਿਕਾਰੀਆਂ ਦੀ ਤਫਤੀਸ਼ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਿਸ ਨੇ ਟਰੈਵਲ ਏਜੰਟ ਰਵਿੰਦਰਪਾਲ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵੇਗੀ।ਹੈ।
ਜਨਤਾ ਨਗਰ ਦੇ ਸਰਬਪਾਲ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਬੇਟੇ ਤੇਜਪਾਲ ਸਿੰਘ ਨੇ ਅਗਲੀ ਪੜ੍ਹਾਈ ਲਈ ਕੈਨੇਡਾ ਜਾਣ ਦਾ ਮਨ ਬਣਾਇਆ । ਲਿਹਾਜ਼ਾ ਉਸਨੇ ਆਈਲੈਟਸ ਕਰਨਾ ਸ਼ੁਰੂ ਕੀਤਾ । ਆਈਲੈਟਸ ‘ਚੋਂ ਬੈਂਡ ਘੱਟ ਆਉਣ ਕਾਰਨ ਤੇਜਪਾਲ ਸਿੰਘ ਥੋੜ੍ਹਾ ਪ੍ਰੇਸ਼ਾਨ ਸੀ । ਇਸ ਦੌਰਾਨ ਤੇਜਪਾਲ ਦੇ ਪਿਤਾ ਨੇ ਸੋਸ਼ਲ ਮੀਡੀਆ ‘ਤੇ ਇਕ ਇਸ਼ਤਿਹਾਰ ਦੇਖਿਆ, ਜਿਸ ਵਿਚ ਟਰੈਵਲ ਏਜੰਟ ਬੈਂਡ ਘੱਟ ਹੋਣ ਦੇ ਬਾਵਜੂਦ ਬੜੀ ਆਸਾਨੀ ਨਾਲ ਕੈਨੇਡਾ ਭੇਜਣ ਦੀ ਗੱਲ ਕਹਿ ਰਿਹਾ ਸੀ । ਉਨ੍ਹਾਂ ਨੇ ਮੋਹਾਲੀ ਵਿਖੇ ਟਰੈਵਲ ਏਜੰਟ ਨਾਲ ਸੰਪਰਕ ਕੀਤਾ । ਟਰੈਵਲ ਏਜੰਟ ਨੇ ਜਲਦੀ ਹੀ ਨੌਜਵਾਨਾਂ ਨੂੰ ਕੈਨੇਡਾ ਭੇਜਣ ਦੀ ਗੱਲ ਕਹੀ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਆਫਰ ਲੈਟਰ ਅਤੇ ਰਸੀਦਾਂ ਦਿਖਾ ਦਿੱਤੀਆਂ। ਜਲਦੀ ਹੀ ਕੈਨੇਡਾ ਭੇਜਣ ਦੀ ਗੱਲ ਆਖ ਕੇ ਮੁਲਜ਼ਮ ਨੇ ਉਨ੍ਹਾਂ ਕੋਲੋਂ ਸਾਢੇ 9 ਲੱਖ ਰੁਪਏ ਲੈ ਲਏ ।